ਅੰਮ੍ਰਿਤਸਰ 03 ਸਤੰਬਰ 2022: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਅਤੇ ਪਵਿੱਤਰ ਗੁਰਬਾਣੀ ਦਾ ਸਰਵਣ ਕੀਤਾ | ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਗੁਰੂ ਚਰਨਾਂ ‘ਚ ਨਤਮਸਤਕ ਹੋਣ ਪਹੁੰਚੇ ਹਾਂ, ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਸੱਚ ਦੀ ਜਿੱਤ ਹੋਈ ਹੈ।
ਉਨ੍ਹਾਂ ਕਿਹਾ ਇਕ ਨਿਮਾਣੇ ਸਿੱਖ ਵਜੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪੁੱਜਾ ਹਾਂ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਅਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਹਾਲ ਰੱਖਣਾ ਪੰਜਾਬ ਸਰਕਾਰ ਦਾ ਕੰਮ ਹੈ |
ਇਸਦੇ ਨਾਲ ਹੀ ਮਜੀਠੀਆ ਨੇ ਪਿਛਲੇ ਦਿਨੀਂ ਤਰਨਤਾਰਨ ਜਾਂ ਅੰਮ੍ਰਿਤਸਰ ਦੇ ਵਿੱਚ ਚਰਚ ਦੇ ਵਿਚ ਵਾਪਰੀਆਂ ਘਟਨਾਵਾਂ ਦੀ ਨਿੰਦਾ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਤਾਂ ਉਦੋਂ ਸਾਈਂ ਮੀਆਂ ਮੀਰ ਜੀ ਕੋਲੋਂ ਨੀਂਹ ਪੱਥਰ ਰਖਵਾਇਆ ਗਿਆ ਸੀ | ਗੁਰੂ ਸਹਿਬਾਨਾਂ ਨੇ ਇੱਕ ਦੂਜੇ ਦੇ ਧਰਮ ਮਾਣ ਸਨਮਾਨ ਰੱਖਿਆ ਅਤੇ ਉਹ ਆਦਰ ਸਤਿਕਾਰ ਹਮੇਸ਼ਾ ਬਹਾਲ ਰਹਿਣਾ ਚਾਹੀਦਾ ਹੈ
ਇਸ ਦੇ ਅੱਗੇ ਬੋਲਦੇ ਹੋਏ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਕਿਹਾ ਕਿ ਤਿੰਨ ਚਾਰ ਮਹੀਨਿਆਂ ਦੇ ਵਿੱਚ ਪੰਜਾਬ ਵਿੱਚ ਡੀਜੀਪੀ ਲਗਾਤਾਰ ਬਦਲਣ ਨੂੰ ਲੈ ਕੇ ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਲਾਈਨ ਆਰਡਰ ਦੀ ਸਥਿਤੀ ਠੀਕ ਨਹੀਂ ਹੈ | ਉਨ੍ਹਾਂ ਕਿਹਾ ਕਿ ਡੀਜੀਪੀ ਦੀ ਚੋਣ ਵੀ ਪੰਜਾਬ ਸਰਕਾਰ ਕਰ ਰਹੀ ਹੈ ਅਤੇ ਸਿੱਧੇ ਤੌਰ ਤੇ ਪੰਜਾਬ ਸਰਕਾਰ ਦਾ ਇਹ ਫੇਲੀਅਰ ਹੈ|
ਉਨ੍ਹਾਂ ਨੇ ਕਿਹਾ ਕਿ ਜੋ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਉਹ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਲਾਇਕੀ ਕਰਕੇ ਹੋਇਆ ਕਿਉਂਕਿ ਸਕਿਉਰਿਟੀ ਵਾਪਸ ਕਰਨ ਤੋਂ ਬਾਅਦ ਉਸ ਦੇ ਇਸ਼ਤਿਹਾਰ ਛਾਪੇ ਗਏ | ਉਨ੍ਹਾਂ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਵੱਲੋਂ ਗੁਜਰਾਤ ਵਿੱਚ ਕਰਜ਼ਾ ਮੁਆਫ਼ੀ ਦਾ ਵਾਅਦਾ ਕੀਤਾ ਜਾ ਰਿਹਾ ਹੈ , ਉਹ ਅਰਵਿੰਦ ਕੇਜਰੀਵਾਲ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਫਿਰ ਕਿਸੇ ਹੋਰ ਸੂਬੇ ਵਿੱਚ ਜਾ ਕੇ ਆਪਣੇ ਵਾਅਦੇ ਕਰਨ|
ਇਸ ਦੇ ਨਾਲ ਹੀ ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ‘ਆਪ’ ਸਰਕਾਰ ਵੱਲੋਂ ਹੁਣ ਬੇਰੁਜ਼ਗਾਰਾਂ ਤੇ ਉੱਪਰ ਅੰਨ੍ਹੇਵਾਹ ਲਾਠੀਆਂ ਚਲਾਈਆਂ ਜਾ ਰਹੀਆਂ ਹਨ | ਇਸ ਨਾਲ ਇਹ ਲੱਗਦਾ ਹੈ ਕਿ ਬੇਰੁਜ਼ਗਾਰਾਂ ਦਾ ਸਰੀਰ ਲਾਠੀਆਂ ਖਾਣ ਨਾਲ ਪੱਕਾ ਹੋ ਜਾਵੇਗਾ ਲੇਕਿਨ ਉਨ੍ਹਾਂ ਨੂੰ ਪੱਕੀਆਂ ਨੌਕਰੀਆਂ ਨਹੀਂ ਮਿਲਣਗੀਆਂ |