ਚੰਡੀਗੜ੍ਹ 17 ਮਾਰਚ 2022: ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਸੀ.ਐਮ. ਭਗਵੰਤ ਮਾਨ ਵਲੋਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਹੈਲਪਲਾਈਨ ਨੰਬਰ ਜਾਰੀ ਕਰਨ ਦੇ ਐਲਾਨ ਦੀ ਸ਼ਲਾਘਾ ਕੀਤੀ ਹੈ |ਇਸ ਦੌਰਾਨ ਕੇਜਰੀਵਾਲ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ‘ਤੇ ਲਗਾਮ ਲਗਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪੈਸਾ ਅੱਗੇ ਮੰਤਰੀਆਂ ਤੱਕ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ‘ਚ ਪਹਿਲੀ ਵਾਰ ਦਿੱਲੀ ਅਤੇ ਪੰਜਾਬ ‘ਚ ਇਮਾਨਦਾਰ ਸਰਕਾਰ ਬਣੀ ਹੈ। ਸਾਡੀ ਪਾਰਟੀ ਤੇ ਸਾਡੇ ਲੀਡਰ ਕੋਈ ਪੈਸਾ ਨਹੀਂ ਖਾਂਦੇ। ਅਸੀਂ ਕਿਸੇ ਨਾਲ ਕੋਈ ਮਹੀਨਾ ਨਹੀਂ ਬੰਨ੍ਹਿਆ।
ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ‘ਚ ਭ੍ਰਿਸ਼ਟਾਚਾਰ ਖਤਮ ਹੋਇਆ ਹੈ, ਉਸੇ ਤਰ੍ਹਾਂ ਪੰਜਾਬ ‘ਚ ਵੀ ਖਤਮ ਹੋਵੇਗਾ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰ ‘ਚ ਸ਼ਾਮਲ ਪਾਇਆ ਜਾਂਦਾ ਹੈ, ਉਹ ਉਸ ਦੀ ਰਿਕਾਰਡਿੰਗ ਕਰਕੇ ਜਾਰੀ ਕੀਤੇ ਜਾਣ ਵਾਲੇ ਹੈਲਪਲਾਈਨ ਨੰਬਰ ’ਤੇ ਭੇਜੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਹੀ ਸਾਡੀ ਪਾਰਟੀ ਦਾ ਟੀਚਾ ਹੈ। ਜੇਕਰ ਲੋਕ ਸਹਿਯੋਗ ਦੇਣ ਤਾਂ ਸੂਬੇ ‘ਚੋਂ ਭ੍ਰਿਸ਼ਟਾਚਾਰ ਦਾ ਖਾਤਮਾ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਸੂਬੇ ‘ਚ ਸੱਤਾ ਸੰਭਾਲਣ ਤੋਂ ਬਾਅਦ ‘ਆਪ’ ਨੇ ਸਖਤ ਰੁਖ ਅਪਣਾਇਆ ਹੈ |। ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਕਿਹਾ ਹੈ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ,ਜਿਸ ‘ਤੇ ਤੁਸੀਂ ਸਿੱਧੇ ਤੌਰ ‘ਤੇ ਰਿਸ਼ਵਤ ਮੰਗਣ ਵਾਲੇ ਲੋਕਾਂ ਦੀਆਂ ਸ਼ਿਕਾਇਤਾਂ ਭੇਜ ਸਕਦੇ ਹੋ। ਸੀ.ਐਮ ਭਗਵੰਤ ਮਾਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਅਧਿਕਾਰੀ ਦੀ ਸ਼ਿਕਾਇਤ ਮੇਰੇ ਕੋਲ ਆਉਂਦੀ ਹੈ ਤਾਂ ਉਨ੍ਹਾਂ ਤੋਂ ਕਿਸੇ ਹਮਦਰਦੀ ਦੀ ਆਸ ਨਾ ਰੱਖੇ|