Site icon TheUnmute.com

ਅਰਵਿੰਦ ਕੇਜਰੀਵਾਲ ਤੇ CM ਮਾਨ ਨੇ ਕਾਂਗਰਸ ਦੇ ਖ਼ਿਲਾਫ਼ ਕਰਨਾਟਕ ‘ਚ ਚੋਣ ਪ੍ਰਚਾਰ ਕਰਨ ਲਈ ਚਾਰਟਰਡ ਜਹਾਜ਼ ਕਿਰਾਏ ‘ਤੇ ਲਏ: ਪ੍ਰਤਾਪ ਸਿੰਘ ਬਾਜਵਾ

Partap Singh Bajwa

ਚੰਡੀਗੜ੍ਹ, 21 ਅਪ੍ਰੈਲ 2023: ਕਾਂਗਰਸ (Congress) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੋਵਾਂ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਚਾਰਟਰਡ ਜਹਾਜ਼ ਕਿਰਾਏ ‘ਤੇ ਲਏ ਹਨ ਤਾਂ ਜੋ ਕਾਂਗਰਸ ਨੂੰ ਹਰਾਇਆ ਜਾ ਸਕੇ। “ਮੇਰੇ ਕੋਲ ਖ਼ਾਸ ਜਾਣਕਾਰੀ ਹੈ ਕਿ ਕੇਜਰੀਵਾਲ ਅਤੇ ਮਾਨ ਦੋਵੇਂ ਹੀ ਕਰਨਾਟਕ ਵਿੱਚ ਚੋਣ ਪ੍ਰਚਾਰ ਕਰਨ ਲਈ ਬਹੁਤ ਜ਼ਿਆਦਾ ਦਰਾਂ ‘ਤੇ ਨਿੱਜੀ ਚਾਰਟਰ ਜਹਾਜ਼ ਕਿਰਾਏ ‘ਤੇ ਲੈ ਰਹੇ ਹਨ, ਹਾਲਾਂਕਿ ਦੱਖਣੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਕੋਈ ਹਿੱਸੇਦਾਰੀ ਨਹੀਂ ਹੈ।

ਦਰਅਸਲ ਉਹ ਕਰਨਾਟਕ ਦੇ ਬਹਾਨੇ ਲੋਕਾਂ ਦਾ ਪੈਸਾ ਬਰਬਾਦ ਕਰ ਰਹੇ ਹਨ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕੀ ਕਰਦੇ ਹਨ, ਆਮ ਆਦਮੀ ਪਾਰਟੀ (ਆਪ) ਦਾ ਉਹੀ ਹਾਲ ਹੋਵੇਗਾ ਜੋ ਪਿਛਲੇ ਸਾਲ ਹੋਈਆਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੌਰਾਨ ਹੋਇਆ ਸੀ।” ਬਾਜਵਾ ਨੇ ਕਿਹਾ ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ ‘ਆਪ’ ਖਾਤਾ ਖੋਲ੍ਹਣ ਵਿਚ ਵੀ ਅਸਫਲ ਰਹੀ ਤੇ ਗੁਜਰਾਤ ਵਿੱਚ ਇੰਨੇ ਪੈਸੇ ਅਤੇ ਸਮਾਂ ਖ਼ਰਚ ਕਰਨ ਦੇ ਬਾਵਜੂਦ ਵੀ ਇਹ ਸਿਰਫ਼ 5 ਸੀਟਾਂ ਤੱਕ ਹੀ ਸੀਮਤ ਰਹੀ।

ਬਾਜਵਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੋਵਾਂ ਵਿਚ ‘ਆਪ’ ਨੇ ਕਾਂਗਰਸ (Congress) ਨੂੰ ਹਰਾਉਣ ਲਈ ਸਖ਼ਤ ਮਿਹਨਤ ਕੀਤੀ। ਅਸਲ ਵਿਚ ਜਦੋਂ ਭਾਜਪਾ ਨੂੰ ਪਤਾ ਲੱਗਾ ਕਿ ਗੁਜਰਾਤ ਵਿਚ ਉਨ੍ਹਾਂ ਦੀ ਸਥਿਤੀ ਬਹੁਤੀ ਮਜ਼ਬੂਤ ਨਹੀਂ ਹੈ ਤਾਂ ਉਨ੍ਹਾਂ ਨੇ ‘ਆਪ’ ਆਗੂਆਂ ਨੂੰ ਕਿਹਾ ਕਿ ਉਹ ਹਿਮਾਚਲ ਚੋਣਾਂ ਦਾ ਛੱਡ ਕੇ ਆਪਣੇ ਸਮੁੱਚੇ ਸਮਾਨ ਨਾਲ ਗੁਜਰਾਤ ਵਿਚ ਸ਼ਿਫ਼ਟ ਹੋ ਜਾਣ। ਇਸ ਲਈ ਤੁਸੀਂ ਜ਼ਰੂਰ ਦੇਖਿਆ ਹੋਵੇਗਾ ਕਿ ‘ਆਪ’ ਨੇ ਹਿਮਾਚਲ ਪ੍ਰਦੇਸ਼ ਦੀ ਚੋਣ ਮੁਹਿੰਮ ਨੂੰ ਅੱਧ ਵਿਚਾਲੇ ਹੀ ਛੱਡ ਦਿੱਤਾ ਅਤੇ ਚਿੰਤਾ ਵਿੱਚ ਡੁੱਬੀ ਭਾਜਪਾ ਦੀ ਮਦਦ ਕਰਨ ਲਈ ਹੀ ਆਪਣੀ ਸਾਰੀ ਜਨਸ਼ਕਤੀ ਗੁਜਰਾਤ ਵਿਚ ਤਬਦੀਲ ਕਰ ਦਿੱਤੀ। ਇਸੇ ਲਈ ‘ਆਪ’ ਨੂੰ ਹਮੇਸ਼ਾ ਭਾਜਪਾ ਦੀ ਬੀ ਟੀਮ ਕਿਹਾ ਜਾਂਦਾ ਰਿਹਾ ਹੈ।

“ਹਰ ਕੋਈ ਜਾਣਦਾ ਹੈ ਕਿ ‘ਆਪ’ ਦਾ ਕਰਨਾਟਕ ਸੂਬੇ ਨਾਲ ਕੋਈ ਮਜ਼ਬੂਤ ਸਿਆਸੀ ਸਬੰਧ ਨਹੀਂ ਹੈ, ਜਿੱਥੇ ਇਸ ਦੀ ਕੋਈ ਹੋਂਦ ਵੀ ਨਹੀਂ ਹੈ ਤੇ ਨਾ ਹੀ ਉਸ ਦਾ ਮਜ਼ਬੂਤ ਜਥੇਬੰਦਕ ਢਾਂਚਾ ਹੈ। ਪਰ ਚਿੰਤਾ ਵਿੱਚ ਡੁੱਬੀ ਭਾਜਪਾ ਨੇ ‘ਆਪ’ ਲੀਡਰਸ਼ਿਪ ਨੂੰ ਮੌਜੂਦਾ ਸੰਕਟ ਵਿੱਚੋਂ ਬਾਹਰ ਕੱਢਣ ਲਈ ਕਿਹਾ ਹੈ ਤਾਂ ਜੋ ਲੋਕਾਂ ਦਾ ਧਿਆਨ ਕਾਂਗਰਸ ਵੱਲ ਮੋੜਿਆ ਜਾ ਸਕੇ।” ਬਾਜਵਾ ਨੇ ਕਿਹਾ।

ਬਾਜਵਾ ਨੇ ਕਿਹਾ ਕਿ ਭਗਵੰਤ ਅਤੇ ਅਰਵਿੰਦ ਕੇਜਰੀਵਾਲ ਦੋਵੇਂ ਹੀ ਕਰਨਾਟਕ ‘ਚ ਭਾਜਪਾ ਨੂੰ ਬਚਾਉਣ ਲਈ ਹੀ ਪੰਜਾਬ ਦੇ ਸਰੋਤਾਂ ਦੀ ਬਰਬਾਦੀ ਅਤੇ ਗ਼ਲਤ ਵਰਤੋਂ ਕਰ ਰਹੇ ਹਨ। ਬਾਜਵਾ ਨੇ ਅੱਗੇ ਕਿਹਾ, “ਕੇਜਰੀਵਾਲ ਅਤੇ ਮਾਨ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਕਰਨਾਟਕ ਵਿੱਚ ਇਕੱਲਿਆਂ ਹੀ ਆ ਰਹੀ ਹੈ ਅਤੇ ਉਹ ਵੀ ਭਾਰੀ ਬਹੁਮਤ ਨਾਲ।”

Exit mobile version