July 7, 2024 1:42 pm
Arvind Kejriwal

ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ ਨੇ CM ਚੰਨੀ ਤੇ ਭਾਜਪਾ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ 13 ਫਰਵਰੀ 2022: ਪੰਜਾਬ ‘ਚ ਚੋਣਾਂ ਦਾ ਮਾਹੌਲ ਹੈ ਜਿਸਦੇ ਚੱਲਦੇ ਪਾਰਟੀਆਂ ਦੇ ਆਗੂਆਂ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਲਈ ਚੋਣ ਪ੍ਰਚਾਰ ਕਰਨ ਧੂਰੀ ਪਹੁੰਚੇ । ਇਸ ਦੌਰਾਨ ਅਰਵਿੰਦ ਕੇਜਰੀਵਾਲ (Arvind Kejriwal ) ਨੇ ਕਾਂਗਰਸ ‘ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਜੋ ਪਾਰਟੀ ਮਿਲ ਕੇ ਚੋਣਾਂ ਨਹੀਂ ਲੜ ਸਕਦੀ, ਤਾਂ ਉਹ ਪੰਜਾਬ ਨੂੰ ਕੀ ਭਵਿੱਖ ਦੇਵੇਗੀ। ਅਰਵਿੰਦ ਕੇਜਰੀਵਾਲ (Arvind Kejriwal) ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਪਰਿਵਾਰ ਦੀ ਤਰ੍ਹਾਂ ਇਕ ਏਜੰਡਾ ਤਿਆਰ ਕਰ ਰਹੀ ਹੈ।

ਇਸਦੇ ਨਾਲ ਹੀ ਮੁੱਖ ਮੰਤਰੀ ਚੰਨੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਚੰਨੀ ਸਾਹਿਬ ਭਦੌੜ ਅਤੇ ਚਮਕੌਰ ਸਾਹਿਬ ਸੀਟ ਤੋਂ ਲੜ ਰਹੇ ਹਨ ਅਤੇ ਅਸੀਂ ਇਨ੍ਹਾਂ ਸੀਟਾਂ ‘ਤੇ 3 ਵਾਰ ਸਰਵੇ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਚੰਨੀ ਸਾਹਿਬ ਦੋਵੇਂ ਸੀਟਾਂ ਤੋਂ ਹਾਰ ਰਹੇ ਹਨ। ਚੰਨੀ ਸਾਹਿਬ ਮੁੱਖ ਮੰਤਰੀ ਚਿਹਰਾ ਤਾਂ ਹਨ, ਪਰ ਮੁੱਖ ਮੰਤਰੀ ਨਹੀਂ ਬਣਨਗੇ। ਉਨ੍ਹਾਂ ਕਿਹਾ ਕਿ ਲੋਕ ਚੰਨੀ ਤੋਂ ਕਾਫ਼ੀ ਨਾਰਾਜ਼ ਹਨ। ਕੇਜਰੀਵਾਲ ਨੇ ਕਿਹਾ ਕਿ ਚੰਨੀ ਸਾਹਿਬ ਦੇ ਹਲਕੇ ‘ਚ ਹੀ ਰੇਤਾ ਚੋਰੀ ਹੋ ਰਹੀ ਹੈ। ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ‘ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਪਤਾ ਲੱਗੀ ਹੈ ਕਿ ਈ. ਡੀ. ਸਾਹਮਣੇ ਚੰਨੀ ਸਾਹਿਬ ਦੇ ਭਾਣਜੇ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ ਉਸ ਦੇ ਘਰੋਂ ਮਿਲਿਆ ਪੈਸਾ ਚੰਨੀ ਸਾਹਿਬ ਦਾ ਹੈ ਤਾਂ ਫਿਰ ਇਸ ਹਿਸਾਬ ਨਾਲ ਹੁਣ ਤੱਕ ਚੰਨੀ ਸਾਹਿਬ ਦੀ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਗਈ।

ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸੂਬੇ ‘ਚ ਭਾਜਪਾ ਨੂੰ 5 ਤੋਂ ਜ਼ਿਆਦਾ ਸੀਟਾਂ ਮਿਲਣਗੀਆਂ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਸਿਰਫ ਆਪੋ-ਆਪਣੇ ਹਲਕਿਆਂ ‘ਚ ਪ੍ਰਚਾਰ ਕਰਨ ਲੱਗੇ ਹੋਏ ਹਨ ਅਤੇ ਕਾਂਗਰਸੀ ਉਮੀਦਵਾਰ ਸਿਰਫ ਸਟਾਰ ਪ੍ਰਚਾਰਕਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਆਪਣੀ ਲੜਾਈ ਅਤੇ ਖਿੱਚੋਤਾਣ ਪੰਜਾਬ ਨੂੰ ਕੋਈ ਭਵਿੱਖ ਨਹੀਂ ਦੇ ਸਕਦੀ, ਸਗੋਂ ਸੂਬੇ ਨੂੰ ਇਕ ਮਜ਼ਬੂਤ ਸਰਕਾਰ ਚਾਹੀਦੀ ਹੈ ਅਤੇ ਇਹ ਮਜ਼ਬੂਰ ਸਰਕਾਰ ਸਿਰਫ ਆਮ ਆਦਮੀ ਪਾਰਟੀ ਦੇ ਸਕਦੀ ਹੈ ਕਿਉਂਕਿ ਲੋਕਾਂ ਨੂੰ ਪਾਰਟੀ ‘ਤੇ ਭਰੋਸਾ ਹੈ।