ਚੰਡੀਗੜ੍ਹ 06 ਦਸੰਬਰ 2022: ਪੰਜਾਬ ‘ਚ ਹਥਿਆਰਾਂ ਦੇ ਆਧਾਰ ‘ਤੇ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਐਕਸ਼ਨ ਮੂਡ ਵਿੱਚ ਦਿਖਾਈ ਦੇ ਰਹੀ ਹੈ | ਇਸਦੇ ਚੱਲਦੇ ਮੋਹਾਲੀ (Mohali) ਜ਼ਿਲ੍ਹੇ ਵਿੱਚ 153 ਵਿਅਕਤੀਆਂ ਦੇ ਅਸਲਾ ਰੱਖਣ ਦੇ ਲਾਇਸੈਂਸ (Arms license) ਰੱਦ ਕੀਤੇ ਗਏ ਹਨ | ਜ਼ਿਲ੍ਹਾ ਪ੍ਰਸ਼ਾਸਨ ਨੇ ਕਰੀਬ 450 ਜਣਿਆਂ ਨੂੰ ਲਾਇਸੈਂਸ ਰੱਦ ਕਰਨ ਦੇ ਨੋਟਿਸ ਜਾਰੀ ਕੀਤੇ ਹਨ। ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਪੂਰੀ ਤਰ੍ਹਾਂ ਕਾਨੂੰਨ ਤਹਿਤ ਕੀਤੀ ਜਾ ਰਹੀ ਹੈ।
ਪੁਲਿਸ ਦੇ ਮੁਤਾਬਕ ਲੋਕਾਂ ਦੇ ਅਸਲਾ ਲਾਇਸੈਂਸ ਵੱਖ-ਵੱਖ ਕਾਰਨਾਂ ਕਰਕੇ ਰੱਦ ਕੀਤੇ ਗਏ ਹਨ। ਇਨ੍ਹਾਂ ਵਿੱਚ ਪਤੇ ਦੀ ਤਬਦੀਲੀ, ਲਾਇਸੈਂਸ ਧਾਰਕ ਦੀ ਮੌਤ, ਲਾਇਸੈਂਸ ਧਾਰਕ ਵਿਰੁੱਧ ਕੋਈ ਅਪਰਾਧਿਕ ਮਾਮਲਾ ਦਰਜ ਹੋਣਾ ਅਤੇ ਸਮੇਂ ਸਿਰ ਲਾਇਸੈਂਸ ਨਾ ਪ੍ਰਾਪਤ ਕਰਨਾ ਆਦਿ ਸ਼ਾਮਲ ਹਨ।
ਪੁਲਿਸ ਅੰਕੜਿਆਂ ਮੁਤਾਬਕ ਇਸ ਸਮੇਂ ਪੂਰੇ ਜ਼ਿਲ੍ਹੇ ਵਿੱਚ 7,014 ਵਿਅਕਤੀਆਂ ਨੂੰ ਅਸਲਾ ਲਾਇਸੈਂਸ ਦਿੱਤੇ ਗਏ ਹਨ। ਇਸ ਦੇ ਨਾਲ ਹੀ 8,607 ਰਜਿਸਟਰਡ ਹਥਿਆਰ ਲੋਕਾਂ ਕੋਲ ਹਨ। ਜਾਣਕਾਰੀ ਅਨੁਸਾਰ ਜਿਨ੍ਹਾਂ ਲਾਇਸੈਂਸਾਂ ‘ਤੇ ਦੋ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ, ਉਨ੍ਹਾਂ ਦੀ ਗਿਣਤੀ 1,653 ਹੈ। ਦੂਜੇ ਪਾਸੇ ਤਿੰਨ ਜਾਂ ਇਸ ਤੋਂ ਵੱਧ ਹਥਿਆਰ ਰੱਖਣ ਦੀ ਮਨਜ਼ੂਰੀ ਦੇਣ ਵਾਲੇ ਲਾਇਸੈਂਸਾਂ ਦੀ ਗਿਣਤੀ 196 ਹੈ। ਇਸ ਸਾਲ 31 ਜੁਲਾਈ ਤੱਕ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਨੇ 130 ਵਿਅਕਤੀਆਂ ਨੂੰ ਹਥਿਆਰ ਰੱਖਣ ਦੇ ਲਾਇਸੈਂਸ ਦਿੱਤੇ ਹਨ।