Site icon TheUnmute.com

ਅਰਮਾਨਪ੍ਰੀਤ ਸਿੰਘ ਨੇ ਪੰਜਾਬ ਦਾ ਵਧਾਇਆ ਮਾਣ, NDA ਦੀ ਮੈਰਿਟ ਸੂਚੀ ‘ਚ ਪਹਿਲਾ ਸਥਾਨ ਕੀਤਾ ਹਾਸਲ

NDA

ਚੰਡੀਗੜ੍ਹ, 25 ਅਕਤੂਬਰ 2024: ਮੋਹਾਲੀ ਵਿਖੇ ਸਥਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSAFPI) ਦੇ 2ਵੇਂ ਕੋਰਸ ਦੇ ਕੈਡਿਟ ਅਰਮਾਨਪ੍ਰੀਤ ਸਿੰਘ ਨੇ ਐਨਡੀਏ (NDA) ਦੀ ਆਲ ਇੰਡੀਆ ਮੈਰਿਟ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਪੰਜਾਬ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰ ਦਿੱਤਾ ਹੈ |

ਅਰਮਾਨਪ੍ਰੀਤ ਸਿੰਘ ਦੀ ਇਸ ਪ੍ਰਾਪਤੀ ਬਾਰੇ ਪੰਜਾਬ ਦੇ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭੰਡਾਲ ਦੇ ਫਿਜ਼ਿਕਸ ਲੈਕਚਰਾਰ ਸਤਬੀਰ ਸਿੰਘ ਦੇ ਪੁੱਤਰ ਅਰਮਾਨਪ੍ਰੀਤ ਸਿੰਘ ਨੇ ਯੂ.ਪੀ.ਐਸ.ਸੀ. (UPSC) ਵੱਲੋਂ ਐਲਾਨੇ ਗਏ ਐਨ.ਡੀ.ਏ. (NDA)-153 ਦੀ ਆਲ ਇੰਡੀਆ ਮੈਰਿਟ ਸੂਚੀ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ | ਅਰਮਾਨਪ੍ਰੀਤ ਸਿੰਘ ਦੀ ਇਸ ਪ੍ਰਾਪਤੀ ਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।

ਮੰਤਰੀ ਅਮਨ ਅਰੋੜਾ ਦੱਸਿਆ ਕਿ ਅਰਮਾਨਪ੍ਰੀਤ ਪਿਛਲੇ 12 ਸਾਲਾਂ ਦੌਰਾਨ NDA ਦੀ ਆਲ ਇੰਡੀਆ ਮੈਰਿਟ ਸੂਚੀ ‘ਚ ਪਹਿਲਾ ਸਥਾਨ ਹਾਸਲ ਕਰਨ ਵਾਲੀ ਇਸ ਸੰਸਥਾ ਦਾ ਤੀਜਾ ਕੈਡਿਟ ਹੈ। ਹੁਸ਼ਿਆਰ ਵਿਦਿਆਰਥੀ ਅਰਮਾਨਪ੍ਰੀਤ ਸਿੰਘ ਨੇ ਹਵਾਈ ਫੌਜ ਦੀ ਚੋਣ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੁਖੋਈ ਐਸਯੂ-30 ਐਮਕੇਆਈ ਉਡਾਉਣ ਦੀ ਇੱਛਾ ਰੱਖਦਾ ਹੈ।

ਇਸਦੇ ਨਾਲ ਹੀ ਅਰਮਾਨਪ੍ਰੀਤ ਸਿੰਘ ਤੋਂ ਇਲਾਵਾ ਇਸ ਸੰਸਥਾ ਦੇ ਐਸ.ਐਸ.ਬੀ. ਲਈ ਅਪੀਅਰ ਹੋਏ 24 ‘ਚੋਂ 14 ਹੋਰ ਕੈਡਿਟਾਂ ਨੇ ਵੀ ਮੈਰਿਟ ਸੂਚੀ ‘ਚ ਆਪਣਾ ਸਥਾਨ ਬਣਾਇਆ ਹੈ। ਕੈਡਿਟ ਕੇਸ਼ਵ ਸਿੰਗਲਾ ਨੇ 15ਵਾਂ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ‘ਚੋਂ ਕੁਝ ਕੈਡਿਟਾਂ ਦੀ ਜੁਆਇਨਿੰਗ ਲਈ ਕਾਲ-ਅੱਪ ਲੈਟਰ ਮਿਲਣ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ।

ਅਮਨ ਅਰੋੜਾ ਨੇ ਅਰਮਾਨਪ੍ਰੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਦੇ ਰੱਖਿਆ ਬਲਾਂ ਵਿੱਚ ਅਫਸਰ ਬਣਨ ਲਈ ਇਹ ਉਹਨਾਂ ਲਈ ਪਹਿਲਾ ਕਦਮ ਹੈ। ਉਨ੍ਹਾਂ ਸਾਰੇ ਚੁਣੇ ਕੈਡਿਟਾਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਵਧਾਈ ਦਿੱਤੀ ਹੈ ।

ਇਸ ਮੌਕੇ ਮਹਾਰਾਜਾ ਰਣਜੀਤ ਸਿੰਘ AFPI ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ ਚੌਹਾਨ (VSM) ਨੇ ਅਰਮਾਨਪ੍ਰੀਤ ਅਤੇ ਹੋਰ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਇੰਨੇ ਕੈਡਿਟਾਂ ਨੇ ਦਸੰਬਰ ‘ਚ ਸ਼ੁਰੂ ਹੋਣ ਵਾਲੇ ਐਨਡੀਏ ਕੋਰਸ ਲਈ ਕੁਆਲੀਫਾਈ ਕੀਤਾ ਹੈ।

ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ AFPI ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਸੰਸਥਾ ਦੇ ਕੁੱਲ 238 ਕੈਡਿਟ ਵੱਖ-ਵੱਖ ਸੇਵਾ ਸਰਵਿਸ ਅਕੈਡਮੀਆਂ ‘ਚ ਸ਼ਾਮਲ ਹੋ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਕੁੱਲ 160 ਕੈਡਿਟਾਂ ਨੂੰ ਰੱਖਿਆ ਸੇਵਾਵਾਂ ‘ਚ ਕਮਿਸ਼ਨਡ ਅਫ਼ਸਰ ਵਜੋਂ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੰਸਥਾ ਤਕਨੀਕੀ ਦਾਖਲਾ ਮੈਰਿਟ ਸੂਚੀ ਜਾਰੀ ਕਰਨ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ, ਜਿਸ ਦੇ ਜਲਦ ਹੀ ਜਾਰੀ ਹੋਣ ਦੀ ਉਮੀਦ ਹੈ।

Exit mobile version