July 7, 2024 3:03 pm
Amritsar

ਅੰਮ੍ਰਿਤਸਰ ਵਿਖੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਝਗੜਾ, ਹਲਵਾਈ ਨੇ 6 ਗ੍ਰਾਹਕਾਂ ‘ਤੇ ਪਾਇਆ ਗਰਮ ਤੇਲ

ਅੰਮ੍ਰਿਤਸਰ 17 ਸਤੰਬਰ 2022: ਅੰਮ੍ਰਿਤਸਰ (Amritsar) ਦੇ ਗੁਰੂ ਅਰਜਨ ਦੇਵ ਨਗਰ ਤੋਂ ਜਿੱਥੇ ਕਿ ਸਮੋਸਿਆਂ ਦੇ ਪੈਸੇ ਨੂੰ ਲੈ ਕੇ ਦੁਕਾਨਦਾਰ ਅਤੇ ਗਾਹਕ ਦੇ ਵਿਚ ਝਗੜਾ ਹੋ ਗਿਆ | ਇਸ ਦੌਰਾਨ ਝਗੜਾ ਇਨ੍ਹਾਂ ਵੱਧ ਗਿਆ ਕਿ ਦੁਕਾਨਦਾਰ ਹਲਵਾਈ ਨੇ ਗ੍ਰਾਹਕ ਸਮੇਤ ਛੇ ਲੋਕਾਂ ਦੇ ਉੱਪਰ ਕੜਾਹੇ ‘ਚੋਂ ਗਰਮ ਤੇਲ ਕੱਢ ਕੇ ਪਾ ਦਿੱਤਾ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਉਨ੍ਹਾਂ ਨੇ ਛੋਟੀ ਬੱਚੀ ਨੂੰ ਸਮੋਸੇ ਲੈਣ ਵਾਸਤੇ ਚਾਲੀ ਰੁਪਏ ਦੇ ਕੇ ਭੇਜਿਆ ਸੀ ਅਤੇ ਛੋਟੀ ਬੱਚੀ ਦੋ ਸਮੋਸੇ ਲੈ ਕੇ ਆਈ ਅਤੇ ਵਾਪਸ ਬਕਾਇਆ ਨਹੀਂ ਲੈ ਕੇ ਆਈ ਜਦੋਂ ਬੱਚੀ ਦੇ ਪਰਿਵਾਰਕ ਮੈਂਬਰ ਇਸ ਸੰਬੰਧੀ ਗੱਲਬਾਤ ਕਰਨ ਹਲਵਾਈ ਕੋਲ ਪਹੁੰਚੇ ਤਾਂ ਹਲਵਾਈ ਅਤੇ ਗ੍ਰਾਹਕ ਵਿਚਾਲੇ ਝਗੜਾ ਹੋ ਗਿਆ|

ਝਗੜਾ ਇਸ ਕਦਰ ਵਧ ਗਿਆ ਕਿ ਹਲਵਾਈ ਨੇ ਕੋਲ ਪਏ ਕੜਾਏ ਦੇ ਵਿੱਚੋਂ ਗਰਮ ਤੇਲ ਕੱਢ ਕੇ ਗਾਹਕ ਅਤੇ ਉਸਦੇ ਸਮੇਤ ਛੇ ਲੋਕਾਂ ਦੇ ਉਪਰ ਤੇਲ ਪਾ ਦਿੱਤਾ | ਇਸ ਤੋਂ ਬਾਅਦ ਦੋਵਾਂ ਵਿੱਚ ਕਾਫ਼ੀ ਤਕਰਾਰ ਵੀ ਦੇਖਣ ਨੂੰ ਮਿਲੀ | ਦੂਜੇ ਪਾਸੇ ਹਲਵਾਈ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਬੱਚੀ ਸਮੋਸੇ ਲੈਣ ਆਈ ਸੀ ਤੇ ਉਸ ਨੇ 17 ਰੁਪਏ ਹੀ ਸਮੋਸਿਆਂ ਦੇ ਦਿੱਤੇ ਸੀ | ਜਿਸ ਕਰਕੇ ਉਸ ਨੂੰ ਦੋ ਸਮੋਸੇ ਦੇ ਦਿੱਤੇ ਗਏ ਲੇਕਿਨ ਬੱਚੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨਾਲ ਆ ਕੇ ਝਗੜਾ ਕੀਤਾ ਜਾਣ ਲੱਗਾ ਅਤੇ ਉਹ ਤੇਜ਼ ਧਾਰ ਹਥਿਆਰਾਂ ਨਾਲ ਉਨ੍ਹਾਂ ਵੱਲੋਂ ਵੀ ਸਾਡੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਨ੍ਹਾਂ ਆਪਣੇ ਬਚਾਅ ਲਈ ਗਾਹਕ ਦੇ ਉੱਪਰ ਤੇਲ ਪਾਇਆ ਸੀ |

ਇਸ ਸਾਰੇ ਮਾਮਲੇ ਵਿਚ ਸਬੰਧਤ ਥਾਣੇ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮੌਕੇ ‘ਤੇ ਪਹੁੰਚੇ ਹਨ ਤੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ ਅਤੇ ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਜਾ ਰਿਹਾ ਹੈ ਕਿ ਕੁਝ ਲੋਕ ਤੇਜ਼ਧਾਰ ਹਥਿਆਰ ਲੈ ਕੇ ਵੀ ਆਉਂਦੇ ਹਨ ਅਤੇ ਦੋਵੇਂ ਧਿਰਾਂ ਜ਼ਖ਼ਮੀ ਹੋਈਆਂ ਹਨ | ਦੋਵੇਂ ਧਿਰਾਂ ਨੂੰ ਫ਼ਿਲਹਾਲ ਡਾਟ ਕੱਟ ਕੇ ਦਿੱਤੇ ਗਏ ਹਨ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ |