Site icon TheUnmute.com

ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦੈ: ਕੁਲਤਾਰ ਸਿੰਘ ਸੰਧਵਾਂ

ਕੁਲਤਾਰ ਸਿੰਘ ਸੰਧਵਾਂ

ਗੁਰਦਾਸਪੁਰ 16 ਦਸੰਬਰ 2022: ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ (ਸ਼ੈਰੀ ਕਲਸੀ), ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ, ਡਾ. ਅਗਨੇਲੋ ਆਰ ਗਰੇਸਿਅਸ, ਡਾਇਰੈਕਟਰ ਫਾਦਰ ਜੌਹਨ ਜੌਰਜ, ਪ੍ਰਿੰਸੀਪਲ ਸਿਸਟਰ ਜੈਸਲੀਨ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ, ਸ਼ਮਸ਼ੇਰ ਸਿੰਘ, ਗੁਰਦੀਪ ਸਿੰਘ ਰੰਧਾਵਾ, ਗੁਰਵਿੰਦਰ ਸਿੰਘ ਢਿਲੋਂ ਆਈ.ਪੀ.ਐੱਸ. ਸੁਖਮਿੰਦਰ ਸਿੰਘ ਲੁਬਾਣਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ) ਸ. ਹਰਪਾਲ ਸਿੰਘ ਸੰਧਾਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਸ. ਅਮਰਜੀਤ ਸਿੰਘ ਭਾਟੀਆ, ਤਹਿਸੀਲਦਾਰ ਜਗਤਾਰ ਸਿੰਘ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।

ਗੋਲਡਨ ਜੁਬਲੀ ਸਮਾਗਮ ਦੌਰਾਨ ਸਕੂਲ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਸ. ਕੁਲਤਾਰ ਸਿੰਘ ਸੰਧਵਾਂ, ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸਕੈਂਡਰੀ ਸਕੂਲ ਗੁਰਦਾਸਪੁਰ ਦਾ ਇਸ ਸਰਹੱਦੀ ਜ਼ਿਲ੍ਹੇ ਵਿੱਚ ਸਿੱਖਿਆ ਦੇ ਪਸਾਰ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 50 ਸਾਲ ਤੋਂ ਇਸ ਸਕੂਲ ਨੇ ਗਿਆਨ ਦੀ ਰੌਸ਼ਨੀ ਨਾਲ ਲੱਖਾਂ ਵਿਦਿਆਰਥੀਆਂ ਦਾ ਜੀਵਨ ਰੁਸ਼ਨਾਇਆ ਹੈ ਅਤੇ ਇਸ ਸਕੂਲ ਤੋਂ ਸਿੱਖਿਆ ਗ੍ਰਹਿਣ ਕਰਕੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਵੱਡੇ ਮੁਕਾਮ ਹਾਸਲ ਕੀਤੇ ਹਨ।

ਸਪੀਕਰ ਸੰਧਵਾਂ ਨੇ ਵਿਦਿਆਰਥੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਕੀਤੀ ਸਖਤ ਮਿਹਨਤ ਸਾਰੇ ਜੀਵਨ ਨੂੰ ਅਸਾਨ ਬਣਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਖਤ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਜੀਵਨ ਵਿੱਚ ਕਾਮਯਾਬ ਹੋਣ ਲਈ ਆਪਣਾ ਨਿਸ਼ਾਨ ਮਿੱਥ ਕੇ ਉਸ ਨੂੰ ਪਾਉਣ ਲਈ ਜੀਅ-ਜਾਨ ਨਾਲ ਮਿਹਨਤ ਕਰਨ, ਮੰਜ਼ਿਲ ਤੁਹਾਡੇ ਕਦਮਾਂ ਵਿੱਚ ਹੋਵੇਗੀ।

ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਜਿਥੇ ਦੁਨੀਆਂ ਦੀਆਂ ਹੋਰ ਭਸ਼ਾਵਾਂ ਵੀ ਸਿੱਖ-ਪੜ੍ਹ ਰਹੇ ਹਨ ਉਸਦੇ ਨਾਲ ਆਪਣੀ ਮਾਂ-ਬੋਲੀ ਪੰਜਾਬੀ ਵਿੱਚ ਵੀ ਮੁਹਾਰਤ ਹਾਸਲ ਕਰਨ। ਉਨ੍ਹਾਂ ਅਧਿਆਪਕਾਂ ਨੂੰ ਕਿਹਾ ਕਿ ਵਿਦਿਆਰਥੀਆਂ ਦੇ ਪੰਜਾਬੀ ਭਾਸ਼ਾ ਦੇ ਮੁਕਾਬਲੇ ਕਰਵਾਏ ਜਾਣ ਅਤੇ ਜਿਹੜੇ ਵਿਦਿਆਰਥੀਆਂ ਮੋਹਰੀ ਆਉਣਗੇ ਉਨ੍ਹਾਂ ਪੰਜਾਬ ਵਿਧਾਨ ਸਭਾ ਵਿੱਚ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਸਿਸਟਰ ਜੈਸਲੀਨ ਨੇ ਸਕੂਲ ਦੀ ਸਲਾਨਾ ਰੀਪੋਰਟ ਪੜ੍ਹਦੇ ਹੋਏ ਵਿਦਿਆਰਥੀਆਂ ਵੱਲੋਂ ਪੜ੍ਹਾਈ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਿਆ। ਡਾਇਰੈਕਟਰ ਫਾਦਰ ਜੌਹਨ ਜੌਰਜ ਨੇ ਮੁੱਖ ਮਹਿਮਾਨ ਸ. ਕੁਲਤਾਰ ਸਿੰਘ ਸੰਧਾਵਾਂ ਸਮੇਤ ਆਏ ਸਮੂਹ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ।

ਗੋਲਡਨ ਜੁਬਲੀ ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਫਾਦਰ ਰੋਬੀ, ਫਾਦਰ ਮਾਈਕਲ, ਫਾਦਰ ਡੈਨੀਅਲ, ਫਾਦਰ ਥਾਮਸ, ਸਿਸਟਰ ਐਨੀ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

Exit mobile version