ਚੰਡੀਗੜ੍ਹ, 07 ਦਸੰਬਰ 2023: ਕਾਂਗਰਸ ਆਗੂ ਅਨੁਮੁਲਾ ਰੇਵੰਤ ਰੈੱਡੀ (Revanth Reddy) ਅੱਜ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਹੈਦਰਾਬਾਦ ਦੇ ਐਲਬੀ ਸਟੇਡੀਅਮ ਵਿੱਚ ਹੋਵੇਗਾ। ਤੇਲੰਗਾਨਾ ਦੇ ਰਾਜਪਾਲ ਤਮਿਲੀਸਾਈ ਸੁੰਦਰਰਾਜਨ ਦੁਪਹਿਰ 1.04 ਵਜੇ 56 ਸਾਲਾ ਨੇਤਾ ਰੇਵੰਤ ਰੈਡੀ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। 2014 ਵਿੱਚ ਆਂਧਰਾ ਪ੍ਰਦੇਸ਼ ਤੋਂ ਵੱਖ ਹੋ ਕੇ ਤੇਲੰਗਾਨਾ ਦੇ ਗਠਨ ਤੋਂ ਬਾਅਦ ਰੇਵੰਤ ਰੈਡੀ ਰਾਜ ਦੇ ਦੂਜੇ ਮੁੱਖ ਮੰਤਰੀ ਹੋਣਗੇ।
ਉਹ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ (ਕੇਸੀਆਰ) ਦੀ ਥਾਂ ਲੈਣਗੇ। ਮੀਡੀਆ ਰਿਪੋਰਟਾਂ ਅਨੁਸਾਰ ਕਾਂਗਰਸ ਦੇ ਚੁਣੇ ਗਏ ਵਿਧਾਇਕ ਅਤੇ ਪਿਛਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲੂ ਭੱਟੀ ਵਿਕਰਮ ਅਰਕਾ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ।
ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਤੇਲੰਗਾਨਾ ਵਿੱਚ ਨਵੇਂ ਚੁਣੇ ਗਏ ਮੁੱਖ ਮੰਤਰੀ ਰੇਵੰਤ ਰੈਡੀ (Revanth Reddy) ਦੇ ਸਹੁੰ ਚੁੱਕ ਸਮਾਗਮ ਲਈ ਵੀਰਵਾਰ ਸਵੇਰੇ ਹੈਦਰਾਬਾਦ ਪਹੁੰਚ ਗਏ। ਹੈਦਰਾਬਾਦ ਹਵਾਈ ਅੱਡੇ ‘ਤੇ ਖੁਦ ਰੇਵੰਤ ਰੈਡੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ।