ਬੁੱਢਾ ਦਰਿਆ

ਪੀਏਸੀ ਤੇ ਹੋਰ ਵਾਤਾਵਰਨ ਪ੍ਰੇਮੀਆਂ ਵੱਲੋਂ ਬੁੱਢਾ ਦਰਿਆ ਦੇ ਨਾਲ ਪ੍ਰਦੂਸ਼ਣ ਵਿਰੋਧੀ ਮਾਰਚ

ਲੁਧਿਆਣਾ 11 ਦਸੰਬਰ 2022: ਐਤਵਾਰ ਨੂੰ ਇੱਥੇ ਬੁੱਢੇ ਦਰਿਆ ਦੇ ਨਾਲ ਪ੍ਰਦੂਸ਼ਣ ਵਿਰੋਧੀ ਪਦਯਾਤਰਾ ਦੀ ਲੜੀ ਦਾ ਚੌਥਾ ਪੜਾਅ ਆਯੋਜਿਤ ਕੀਤਾ ਗਿਆ। ਇਹ ਮਾਰਚ ਜੋ ਪਿੰਡ ਧੰਨਾਨਸੂ ਦੇ ਪੁੱਲ ਤੋਂ ਖਾਸੀ ਕਲਾਂ ਦੇ ਪੁੱਲ ਤੱਕ ਚਲਿਆ ਦੀ ਅਗਵਾਈ ਬੁੱਢਾ ਦਰੀਆ ਟਾਸਕ ਫੋਰਸ ਦੇ ਕਰਨਲ ਜੇ.ਐਸ.ਗਿੱਲ ਨੇ ਕੀਤੀ।

ਮਾਰਚ ਵਿੱਚ ਪੀਏਸੀ ਅਤੇ ਹੋਰ ਵਾਤਾਵਰਨ ਸੰਸਥਾਵਾਂ ਦੇ ਕਾਰਕੁਨਾਂ ਤੋਂ ਇਲਾਵਾ ਨਨਕਾਣਾ ਸਾਹਿਬ ਪਬਲਿਕ ਸਕੂਲ ਖਾਸੀ ਕਲਾਂ ਦੇ 20 ਦੇ ਕਰੀਬ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ। ਕਾਰਕੁੰਨਾਂ ਅਤੇ ਵਿਦਿਆਰਥੀਆਂ ਨੇ ਡੇਅਰੀ ਮਾਲਕਾਂ ਅਤੇ ਪਿੰਡ ਵਾਸੀਆਂ ਨਾਲ ਬੁੱਢਾ ਡੇਅਰੀ ਦੇ ਪਾਣੀ ਦੇ ਪ੍ਰਦੂਸ਼ਣ ਅਤੇ ਪਲਾਸਟਿਕ ਪ੍ਰਦੂਸ਼ਣ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਵਟਾਂਦਰਾ ਕੀਤਾ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਰਨਲ ਜੇ.ਐਸ.ਗਿੱਲ ਨੇ ਕਿਹਾ ਕਿ ਵਿਸ਼ਵ ਪ੍ਰਦੂਸ਼ਣ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਹੁੰਦਾ ਜਾ ਰਿਹਾ ਹੈ। ਜਿਵੇਂ-ਜਿਵੇਂ ਵਿਸ਼ਵ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ, ਇਹ ਸਮੱਸਿਆਵਾਂ ਵਧਦੀਆਂ ਹੀ ਜਾ ਰਹੀਆਂ ਹਨ। ਜਿਨ੍ਹਾਂ ਨੌਜਵਾਨ ਵਿਦਿਆਰਥੀਆਂ ਦੇ ਅੱਗੇ ਆਪਣੀ ਪੂਰੀ ਜ਼ਿੰਦਗੀ ਹੈ, ਉਨ੍ਹਾਂ ਨੂੰ ਪ੍ਰਦੂਸ਼ਿਤ ਨਦੀਆਂ ਕਾਰਨ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।” ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸਾਡੇ ਨਾਲ ਮਾਰਚ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੇ ਪਰਿਵਾਰਾਂ, ਦੋਸਤਾਂ ਅਤੇ ਆਂਢ-ਗੁਆਂਢ ਵਿੱਚ ਬੁੱਢਾ ਦਰਿਆ ਦੇ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਪ੍ਰਣ ਲਿਆ ਹੈ।

ਬੁੱਢਾ ਦਰਿਆ

ਪੀ.ਏ.ਸੀ ਦੇ ਕਰਨਲ ਸੀ.ਐਮ ਲਖਨਪਾਲ ਨੇ ਕਿਹਾ ਕਿ ਬੁੱਢਾ ਦਰਿਆ ਦੀ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਇਹ ਨਾ ਸਿਰਫ਼ ਪੰਜਾਬੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ ਸਗੋਂ ਵਿਸ਼ਵ ਭਰ ਵਿੱਚ ਪੰਜਾਬ ਦੇ ਅਕਸ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਅਕਸ ਸੁਧਰਨ ਨਾਲ ਪੰਜਾਬ ਵਾਤਾਵਰਣ ਅਨੁਕੂਲ ਉਦਯੋਗ ਲਈ ਸੰਸਾਰ ਵਿੱਚ ਇੱਕ ਆਕਰਸ਼ਕ ਨਿਵੇਸ਼ ਸਥਾਨ ਬਣ ਸਕਦਾ ਹੈ। ਸਾਨੂੰ ਪੰਜਾਬ ਦੀਆਂ ਅਜਿਹੀਆਂ ਵਾਤਾਵਰਨ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਚਾਹੀਦਾ ਹੈ। ਸਾਨੂੰ ਪ੍ਰਦੂਸ਼ਕਾਂ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼ ਅਤੇ ਉੱਚ ਤਕਨੀਕੀ ਉਦਯੋਗ ਲਿਆਉਣਾ ਚਾਹੀਦਾ ਹੈ।”

ਪਲਾਸਟਿਕ ਪ੍ਰਦੂਸ਼ਣ ਵਿਰੁੱਧ ਐਕਸ਼ਨ ਗਰੁੱਪ ਦੇ ਅਭਿਮਾਨਿਊ ਜੋ ਜਲੰਧਰ ਤੋਂ ਆਪਣੇ 7 ਸਾਲ ਦੇ ਬੇਟੇ ਨਾਲ ਇਸ ਮਾਰਚ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ, ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਪ੍ਰਦੂਸ਼ਣ ਵਿਰੁੱਧ ਅਜਿਹੀਆਂ ਗਤੀਵਿਧੀਆਂ ਲੁਧਿਆਣਾ ਵਿੱਚ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਵਾਪਸ ਜਾ ਕੇ ਜਲੰਧਰ ਵਿੱਚ ਵੀ ਇਸੇ ਤਰ੍ਹਾਂ ਦੇ ਯਤਨਾਂ ਦੀ ਸ਼ੁਰੂਆਤ ਕਰਨਗੇ।

ਬੁੱਢਾ ਦਰਿਆ

ਨਰੋਆ ਪੰਜਾਬ ਮੰਚ ਦੇ ਜਸਕੀਰਤ ਸਿੰਘ ਨੇ ਕਿਹਾ, “ਪੰਜਾਬ ਪ੍ਰਦੂਸ਼ਣ ਤੋਂ ਪਰੇਸ਼ਾਨ ਹੈ ਪਰ ਹੁਣ ਪੰਜਾਬ ਭਰ ਤੋਂ ਕਾਰਕੁਨ ਪ੍ਰਦੂਸ਼ਣ ਵਿਰੁੱਧ ਸਾਡੇ ਐਤਵਾਰ ਦੇ ਮਾਰਚ ਵਿੱਚ ਸ਼ਾਮਲ ਹੋ ਰਹੇ ਹਨ। ਪੰਜਾਬ ਜਾਗ ਰਿਹਾ ਹੈ ਅਤੇ ਪ੍ਰਦੂਸ਼ਣ ਦੀ ਰੋਕਥਾਮ ਵਿੱਚ ਦੇਸ਼ ਅਤੇ ਦੁਨੀਆਂ ਦਾ ਰਾਹ ਦਸੇਰਾ ਬਣ ਸਕਦਾ ਹੈ। ਅਸੀਂ ਅਗਲੇ ਹਫ਼ਤੇ ਪੰਜਾਬ ਭਰ ਤੋਂ ਹੋਰ ਸ਼ਮੂਲੀਅਤ ਦੀ ਉਮੀਦ ਕਰਦੇ ਹਾਂ।”

ਬ੍ਰਿਗੇਡੀਅਰ ਇੰਦਰਮੋਹਨ ਸਿੰਘ, ਕਰਨਲ ਇਕਬਾਲ ਸਿੰਘ ਪੰਨੂ, ਗੁਰਪ੍ਰੀਤ ਸਿੰਘ ਪਲਾਹਾ, ਸੁਭਾਸ਼ ਚੰਦਰ, ਡਾ. ਵੀ.ਪੀ. ਮਿਸ਼ਰਾ, ਦਾਨ ਸਿੰਘ, ਜੀ.ਐਸ. ਬੱਤਰਾ, ਪੂਜਾ ਸੇਨਗੁਪਤਾ, ਸੁਧਾਂਸ਼ੂ ਸੇਨਗੁਪਤਾ, ਨਿਸ਼ਾਂਤ ਕੋਹਲੀ, ਗੌਰਵ ਠਾਕੁਰ, ਐਡਵੋਕੇਟ ਆਰ.ਐਸ. ਅਰੋੜਾ ਸਮੇਤ ਹਰਿਆਵਲ ਪੰਜਾਬ ਦੇ ਟੀਮ ਮੈਂਬਰਾਂ ਨੇ ਡਾ. ਰਾਕੇਸ਼ ਸ਼ਾਰਦਾ, ਕਮਲ ਕਟਾਰੀਆ ਅਤੇ ਹਰਸ਼ ਗਰਗ ਨੇ ਵੀ ਇਸ ਮਾਰਚ ਵਿੱਚ ਸ਼ਿਰਕਤ ਕੀਤੀ।

Scroll to Top