Site icon TheUnmute.com

ਚੀਨ ‘ਚ ਸਖ਼ਤ ਲਾਕਡਾਊਨ ਦੇ ਖ਼ਿਲਾਫ ਸਰਕਾਰ ਵਿਰੋਧੀ ਰੋਸ ਪ੍ਰਦਰਸ਼ਨ ਤੇਜ਼

lockdown

ਚੰਡੀਗੜ੍ਹ 28 ਨਵੰਬਰ 2022: ਜ਼ੀਰੋ ਕੋਵਿਡ ਨੀਤੀ ਦੇ ਤਹਿਤ ਸਖਤ ਤਾਲਾਬੰਦੀ (lockdown) ਦੇ ਖ਼ਿਲਾਫ ਚੀਨ ਦੇ ਲੋਕਾਂ ਨੇ ਸਰਕਾਰ ਵਿਰੁੱਧ ਮੋਰਚਾ ਖੋਲ ਦਿੱਤਾ ਹੈ | ਹੁਣ ਚੀਨ ਵਿੱਚ ਵਿਰੋਧੀ ਪ੍ਰਦਰਸ਼ਨ ਤੇਜ਼ ਹੁੰਦਾ ਜਾ ਰਿਹਾ ਹੈ । ਐਤਵਾਰ ਨੂੰ ਵੀ ਵੱਡੀ ਗਿਣਤੀ ‘ਚ ਲੋਕ ਚੀਨ ਦੀਆਂ ਸੜਕਾਂ ‘ਤੇ ਨਜ਼ਰ ਆਏ ਅਤੇ ਜ਼ੀਰੋ ਕੋਵਿਡ ਨੀਤੀ ਨੂੰ ਵਾਪਸ ਕਰਨ ਦੀ ਮੰਗ ਕੀਤੀ। ਜਾਣਕਾਰੀ ਮੁਤਾਬਕ ਇਹ ਪ੍ਰਦਰਸ਼ਨ ਚੀਨ ਦੇ ਵੱਡੇ ਸ਼ਹਿਰਾਂ ਬੀਜਿੰਗ ਅਤੇ ਸ਼ੰਘਾਈ ਤੋਂ ਬਾਅਦ ਹੁਣ ਵੁਹਾਨ ਪਹੁੰਚ ਗਿਆ ਹੈ।

ਚੀਨ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਚੀਨ ‘ਚ ਸਰਕਾਰ ਦਾ ਵਿਰੋਧ ਹੁਣ ਤੱਕ ਪੰਜ ਵੱਡੇ ਸ਼ਹਿਰਾਂ ਚੇਂਗਦੂ, ਸ਼ਿਆਨ, ਵੁਹਾਨ, ਬੀਜਿੰਗ, ਸ਼ੰਘਾਈ ਤੱਕ ਪਹੁੰਚ ਚੁੱਕਾ ਹੈ।

ਪਿਛਲੇ ਇੱਕ ਹਫ਼ਤੇ ਤੋਂ ਚੀਨ ਵਿੱਚ ਕੋਰੋਨਾ ਦਾ ਸੰਕਰਮਣ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਸ਼ਨੀਵਾਰ ਨੂੰ ਇੱਥੇ 24 ਘੰਟਿਆਂ ‘ਚ 40 ਹਜ਼ਾਰ ਮਾਮਲੇ ਦਰਜ ਕੀਤੇ ਗਏ। ਇਸ ਤੋਂ ਪਹਿਲਾਂ ਇੱਥੇ 35 ਹਜ਼ਾਰ ਕੇਸ ਸਾਹਮਣੇ ਆਏ ਸਨ। ਪਿਛਲੇ ਕੁਝ ਦਿਨਾਂ ‘ਤੇ ਨਜ਼ਰ ਮਾਰੀਏ ਤਾਂ ਲਗਾਤਾਰ 30 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।

ਇਸ ਦੌਰਾਨ ਖਬਰ ਹੈ ਕਿ ਸ਼ੰਘਾਈ ‘ਚ ਇਕ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰ ਰਹੇ ਇਕ ਪੱਤਰਕਾਰ ‘ਤੇ ਹਮਲਾ ਕੀਤਾ ਗਿਆ। ਮੀਡੀਆ ਹਾਊਸ ਨੇ ਦੱਸਿਆ ਕਿ ਕੈਮਰਾਮੈਨ ਐਡਵਰਡ ਲਾਰੈਂਸ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਕਵਰੇਜ ਕਰਦੇ ਸਮੇਂ ਹਿਰਾਸਤ ‘ਚ ਲਿਆ ਗਿਆ ਸੀ ਅਤੇ ਚੀਨੀ ਪੁਲਸ ਨੇ ਕਈ ਘੰਟਿਆਂ ਤੱਕ ਉਸ ਦੀ ਕੁੱਟਮਾਰ ਕੀਤੀ ਸੀ।

ਮੀਡੀਆ ਹਾਊਸ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਆਪਣੇ ਪੱਤਰਕਾਰ ਐਡਵਰਡ ਲਾਰੈਂਸ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਹਾਂ। ਸ਼ੰਘਾਈ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਨੂੰ ਕਵਰ ਕਰਦੇ ਸਮੇਂ ਉਸਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਹਮਲਾ ਕੀਤਾ ਗਿਆ।

Exit mobile version