ਐਸ.ਏ.ਐਸ ਨਗਰ (ਮੋਹਾਲੀ ), 28 ਅਗਸਤ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ | ਇਸਦੇ ਨਾਲ ਹੀ ਨਸ਼ਾ ਵਿਰੋਧੀ ਹੈਲਪਲਾਈਨ ਤੇ ਵਟਸਐਪ ਚੈਟਬੋਟ (97791-00200) ਦੀ ਸ਼ੁਰੂਆਤ ਕੀਤੀ ਹੈ ।
ਇਸ ਮੌਕੇ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੌਜੂਦਾ ਵਿਸ਼ੇਸ਼ ਟਾਸਕ ਫੋਰਸ ਦੀ ਬਜਾਏ ‘ਅਪੈਕਸ ਸਟੇਟ ਲੈਵਲ ਡਰੱਗ ਲਾਅ ਇਨਫੋਰਸਮੈਂਟ ਯੂਨਿਟ’ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ ਵਜੋਂ ਨਵਾਂ ਰੂਪ ਦੇਣ ਦਾ ਫੈਸਲਾ ਕੀਤਾ ਹੈ।
ਇਹ ਸੈੱਲ ਪੁਲਿਸ ਸਟੇਸ਼ਨ ਸੋਹਾਣਾ, ਸੈਕਟਰ-79 ਐਸ.ਏ.ਐਸ.ਨਗਰ ਦੀ ਦੂਜੀ ਮੰਜ਼ਿਲ ‘ਤੇ ਕੰਮ ਕਾਰਜਸ਼ੀਲ ਹੋਵੇਗਾ। ਇਸ ਇਮਾਰਤ ਦੇ ਨਵੀਨੀਕਰਨ ‘ਤੇ 90 ਲੱਖ ਰੁਪਏ ਦੀ ਲਾਗਤ ਆਈ ਹੈ |
ਇਸ ਹੈਲਪਲਾਈਨ ਨੰਬਰ ‘ਤੇ ਆਮ ਨਾਗਰਿਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇ ਸਕਦਾ ਹੈ |
ਇਸਦੇ ਨਾਲ ਹੀ ਨਸ਼ਾ ਛਣ ਦੇ ਇਰਾਦੇ ਵਾਲੇ ਪੀੜਤਾਂ ਲਈ ਡਾਕਟਰੀ ਸਹਾਇਤਾ ਯਕੀਨੀ ਬਣਾਈ ਜਾਵੇਗੀ | ਇਸ ਨਾਲ ਜ਼ਮੀਨੀ ਪੱਧਰ ‘ਤੇ ਨਸ਼ਿਆਂ ਦੀ ਤਸਕਰੀ ਰੋਕਣ ਅਤੇ ਇਸ ਅਪਰਾਧ ‘ਚ ਸ਼ਾਮਲ ਵੱਡੀਆਂ ਮੱਛੀਆਂ ਦੀ ਪਛਾਣ ਕਰਨ ‘ਚ ਮੱਦਦ ਮਿਲੇਗੀ | ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ |
ਪੁਲਿਸ ਵਿਭਾਗ ‘ਚ 10,000 ਨਵੀਆਂ ਅਸਾਮੀਆਂ
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ANTF ਦੀ ਮੌਜੂਦਾ ਮੁਲਾਜ਼ਮਾਂ ਦੀ ਗਿਣਤੀ ਨੂੰ 400 ਤੋਂ ਦੁੱਗਣਾ ਕਰ ਕੇ 861 ਕੀਤਾ ਜਾ ਰਿਹਾ ਹੈ ਅਤੇ ਪੁਲਿਸ ਵਿਭਾਗ ਲਈ ਆਉਣ ਵਾਲੀਆਂ 10,000 ਨਵੀਆਂ ਅਸਾਮੀਆਂ ਦੇ ਹਿੱਸੇ ਵਜੋਂ ਏ.ਐਨ.ਟੀ.ਐਫ (ANTF) ਲਈ ਇਹ ਨਵੀਆਂ ਅਸਾਮੀਆਂ ਤਿਆਰ ਕੀਤੀਆਂ ਜਾਣਗੀਆਂ।
ਪੰਜਾਬ ਸਰਕਾਰ ਨੇ ਮੌਜੂਦਾ ਵਿੱਤੀ ਸਾਲ 2024-25 ‘ਚ ਏ.ਐਨ.ਟੀ.ਐਫ. ਦੀ ਨਵੀਂ ਸਥਾਪਿਤ ਇੰਟੈਲੀਜੈਂਸ ਅਤੇ ਤਕਨੀਕੀ ਇਕਾਈ ਨੂੰ ਅਤਿ-ਆਧੁਨਿਕ ਏਜੰਸੀ ਵਜੋਂ ਵਿਕਸਤ ਕਰਨ ਲਈ ਹਾਈ-ਟੈੱਕ ਸਾਫਟਵੇਅਰ, ਹਾਰਡਵੇਅਰ ਦੀ ਖ਼ਰੀਦ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ 12 ਕਰੋੜ ਰੁਪਏ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਏ.ਐਨ.ਟੀ.ਐਫ. ਲਈ 14 ਨਵੀਆਂ ਮਹਿੰਦਰਾ ਸਕਾਰਪੀਓ ਗੱਡੀਆਂ ਦਿੱਤੀਆਂ ਜਾਣਗੀਆਂ | ਇਸਦੇ ਨਾਲ ਹੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੂੰ ਮੋਹਾਲੀ ‘ਚ ਆਪਣਾ ਸੁਤੰਤਰ ਹੈੱਡਕੁਆਰਟਰ ਸਥਾਪਿਤ ਕਰਨ ਲਈ ਇਕ ਏਕੜ ਦੀ ਵੱਖਰੀ ਜ਼ਮੀਨ ਮੁਹੱਈਆ ਕਰਵਾਈ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਇਨਫੋਰਸਮੈਂਟ-ਨਸ਼ਾ ਮੁਕਤੀ-ਰੋਕਥਾਮ (ਈ.ਡੀ.ਪੀ) ਰਣਨੀਤੀ ਨੂੰ ਲਾਗੂ ਕਰਨ ਲਈ ਪੰਜਾਬ ਸਟੇਟ ਕੈਂਸਰ ਅਤੇ ਡੀ ਅਡੀਕਸ਼ਨ ਟਰੀਟਮੈਂਟ ਇਨਫਰਾਸਟਰਕਚਰ ਫੰਡ (ਸੀ.ਏ.ਡੀ.ਏ. ਫੰਡ) ਵਿੱਚੋਂ 10 ਕਰੋੜ ਰੁਪਏ ਏ.ਐੱਨ.ਟੀ.ਐੱਫ. (ANTF) ਲਈ ਮਨਜ਼ੂਰ ਕੀਤੇ ਜਾਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੁਲਿਸ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਪੰਜਾਬ ਨਾਲ ਲੱਗਦੀ 532 ਕਿਲੋਮੀਟਰ ਅੰਤਰਰਾਸ਼ਟਰੀ ਸਰਹੱਦ ‘ਤੇ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੁਲਿਸ ਨੂੰ ਡਰੋਨਾਂ ਅਤੇ ਸਰਹੱਦ ਪਾਰੋਂ ਤਸਕਰੀ ਦੇ ਰੂਪ ‘ਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਪੰਜਾਬ ਪੁਲਿਸ ਆਪਣੀ ਡਿਊਟੀ ਕੁਸ਼ਲਤਾ ਨਾਲ ਨਿਭਾ ਰਹੀ ਹੈ।
ਨਸ਼ਾ ਤਸਕਰਾਂ ਦੀਆਂ 173 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ
ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੀ ਤਸਕਰੀ ‘ਚ ਸ਼ਾਮਲ ਕਈ ਵੱਡੀਆਂ ਮੱਛੀਆਂ ਨੂੰ ਜੇਲ੍ਹ ‘ਚ ਡੱਕਿਆ ਗਿਆ ਹੈ ਅਤੇ ਉਨ੍ਹਾਂ ਵਿਰੁੱਧ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ | ਇਸਦੇ ਨਾਲ ਹੀ 379 ਨਸ਼ਾ ਤਸਕਰਾਂ ਦੀਆਂ 173 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ ਅਤੇ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ‘ਚ ਹੇਠਲੇ ਪੱਧਰ ‘ਤੇ ਵੱਡੀ ਗਿਣਤੀ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ, ਜੋ ਲੰਮੇ ਸਮੇਂ ਤੋਂ ਆਪਣੇ ਪੁਰਾਣੇ ਅਹੁਦਿਆਂ ‘ਤੇ ਬਣੇ ਹੋਏ ਸਨ।
ਉਨ੍ਹਾਂ ਕਿਹਾ ਕਿ ਡਿਵੀਜ਼ਨਾਂ ‘ਚ ਵੱਡੀ ਗਿਣਤੀ ‘ਚ ਤਬਾਦਲੇ ਕੀਤੇ ਹਨ ਅਤੇ ਤਸਕਰਾਂ ਤੇ ਮੁਲਾਜ਼ਮਾਂ ਦੇ ਨੈੱਟਵਰਕ ਨੂੰ ਤੋੜਨ ਲਈ ਪੁਲਿਸ ਮੁਲਾਜ਼ਮਾਂ ਦੀਆਂ ਤਾਇਨਾਤੀਆਂ ਦੀ ਕਾਰਵਾਈ ਜਾਰੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ NHAI ਨੂੰ ਪੰਜਾਬ ਦੀ ਉਪਜਾਊ ਜ਼ਮੀਨ ਦੀ ਦੂਜੇ ਸੂਬਿਆਂ ਨਾਲ ਤੁਲਨਾ ਬੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਪ੍ਰਾਪਤੀ ਨੂੰ ਲੈ ਕੇ ਪੰਜਾਬ ‘ਚ ਕਾਨੂੰਨ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਹੈ ਪਰ ਮਾਮਲਾ ਸਿਰਫ਼ ਜ਼ਮੀਨ ਦੇ ਢੁਕਵੇਂ ਭਾਅ ਦਾ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਜ਼ਮੀਨੀ ਹਕੀਕਤ ਤੋਂ ਪਹਿਲਾਂ ਹੀ ਜਾਣੂ ਕਰਵਾ ਚੁੱਕੇ ਹਨ ਅਤੇ ਸੂਬੇ ‘ਚ ਜ਼ਮੀਨ ਪ੍ਰਾਪਤੀ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।
ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਭਾਜਪਾ ਨੂੰ ਐੱਮਪੀ ਕੰਗਣਾ ਰਣੌਤ ਵਰਗੇ ਆਪਣੇ ਵਿਵਾਦਤ ਸੰਸਦ ਮੈਂਬਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ, ਜੋ ਆਪਣੇ ਬਿਆਨਾਂ ਨਾਲ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੰਗਣਾ ਰਣੌਤ ਮੰਡੀ ਹਲਕੇ ਦੇ ਲੋਕਾਂ ਦੀ ਭਲਾਈ ਵੱਲ ਧਿਆਨ ਦੇਣ ਦੀ ਬਜਾਏ ਆਪਣੇ ਬੇਬੁਨਿਆਦ ਬਿਆਨਾਂ ਰਾਹੀਂ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਨੂੰ ਅਜਿਹੇ ਆਗੂਆਂ ਨੂੰ ਕਾਬੂ ਕਰਨਾ ਚਾਹੀਦਾ ਹੈ ਕਿਉਂਕਿ ਸਿਰਫ਼ ਇਹ ਬਿਆਨ ਦੇਣ ਨਾਲ ਕਿ ਇਹ ਸੰਸਦ ਮੈਂਬਰਾਂ ਦੇ ਨਿੱਜੀ ਵਿਚਾਰ ਹਨ, ਭਾਜਪਾ ਪਾਰਟੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ।