ਚੰਡੀਗੜ੍ਹ 01, ਫ਼ਰਵਰੀ 2023: ਹੋਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਿਆ ਹੈ | ਘਰੇਲੂ ਅਤੇ ਕਮਰਸ਼ੀਅਲ ਗੈਸ ਸਿਲੰਡਰਾਂ (Gas Cylinders) ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ | ਘਰੇਲੂ ਬਾਜ਼ਾਰ ‘ਚ ਬੁੱਧਵਾਰ ਸਵੇਰੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਨੇ ਵੀ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਵਪਾਰਕ ਰਸੋਈ ਗੈਸ ਸਿਲੰਡਰ ਅੱਜ ਤੋਂ 350.50 ਰੁਪਏ ਮਹਿੰਗਾ ਹੋ ਗਿਆ ਹੈ।
ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਕੀਤੇ ਗਏ 14.2 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਅੱਜ 50 ਰੁਪਏ ਦਾ ਵਾਧਾ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ‘ਚ ਘਰੇਲੂ ਰਸੋਈ ਗੈਸ ਸਿਲੰਡਰ (Gas Cylinders) ਦੀ ਕੀਮਤ ਹੁਣ 1103 ਰੁਪਏ ‘ਤੇ ਪਹੁੰਚ ਗਈ ਹੈ। ਪਹਿਲਾਂ ਇੱਥੇ ਇੱਕ ਸਿਲੰਡਰ 1053 ਰੁਪਏ ਵਿੱਚ ਮਿਲਦਾ ਸੀ। ਘਰੇਲੂ ਸਿਲੰਡਰ ਦੀਆਂ ਕੀਮਤਾਂ ਕਰੀਬ 8 ਮਹੀਨਿਆਂ ਬਾਅਦ ਵਧਾਈਆਂ ਗਈਆਂ ਹਨ।
ਇਸ ਤੋਂ ਪਹਿਲਾਂ 6 ਜੁਲਾਈ 2022 ਨੂੰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਸੀ। ਮੁੰਬਈ ‘ਚ ਐਲਪੀਜੀ ਸਿਲੰਡਰ ਹੁਣ 1052.50 ਰੁਪਏ ਦੀ ਬਜਾਏ 1102.5 ਰੁਪਏ ‘ਚ ਮਿਲੇਗਾ। ਕੋਲਕਾਤਾ ਵਿੱਚ ਵੀ ਐਲਪੀਜੀ ਸਿਲੰਡਰ 1079 ਰੁਪਏ ਤੋਂ ਵਧ ਕੇ 1129 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਚੇਨਈ ‘ਚ ਘਰੇਲੂ ਗੈਸ ਸਿਲੰਡਰ 1068.50 ਰੁਪਏ ਦੀ ਬਜਾਏ 1118.5 ਰੁਪਏ ‘ਚ ਵਿਕ ਰਿਹਾ ਹੈ।
ਸਰਕਾਰੀ ਤੇਲ ਕੰਪਨੀਆਂ ਨੇ ਵੀ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 350 ਰੁਪਏ ਤੋਂ ਵੱਧ ਵਧਾ ਦਿੱਤੀ ਹੈ। ਹੁਣ ਦਿੱਲੀ ਵਿੱਚ ਵਪਾਰਕ ਸਿਲੰਡਰ 1769 ਰੁਪਏ ਦੀ ਬਜਾਏ 2119.50 ਰੁਪਏ ਵਿੱਚ ਮਿਲੇਗਾ। ਕੋਲਕਾਤਾ ‘ਚ ਜੋ ਕਮਰਸ਼ੀਅਲ ਸਿਲੰਡਰ 1870 ਰੁਪਏ ‘ਚ ਮਿਲਦਾ ਸੀ, ਉਹ ਹੁਣ 2221.50 ਰੁਪਏ ‘ਚ ਮਿਲੇਗਾ। ਵਪਾਰਕ ਗੈਸ ਸਿਲੰਡਰ ਜੋ ਹੁਣ ਤੱਕ ਮੁੰਬਈ ਵਿੱਚ 1721 ਰੁਪਏ ਵਿੱਚ ਮਿਲਦਾ ਸੀ, ਹੁਣ 2071.50 ਰੁਪਏ ਵਿੱਚ ਮਿਲੇਗਾ। ਚੇਨਈ ਵਿੱਚ ਵੀ ਵਪਾਰਕ ਗੈਸ ਸਿਲੰਡਰ ਜੋ ਹੁਣ ਤੱਕ 1917 ਰੁਪਏ ਵਿੱਚ ਮਿਲਦਾ ਸੀ, ਉਹ ਹੁਣ 2268 ਰੁਪਏ ਦਾ ਹੋ ਗਿਆ ਹੈ।