Vigilance Bureau

ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ‘ਚ ਸ਼ਾਮਲ ਇੱਕ ਹੋਰ ਏਜੰਟ ਨੂੰ ਕੀਤਾ ਕਾਬੂ

ਚੰਡੀਗੜ੍ਹ 10 ਦਸੰਬਰ 2022: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ ਵਿੱਚ ਜਲੰਧਰ ਵਿਖੇ ਤਾਇਨਾਤ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.) ਨਰੇਸ਼ ਕਲੇਰ ਨਾਲ ਮਿਲੀਭੁਗਤ ਕਰਨ ਵਾਲੀ ਇੱਕ ਹੋਰ ਭਗੌੜੇ ਏਜੰਟ ਲਵਲੀਨ ਸਿੰਘ ਲਵੀ ਵਾਸੀ ਸੈਂਟਰਲ ਟਾਊਨ, ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਨੇ ਉਸ ਦਾ ਮੋਬਾਈਲ ਫ਼ੋਨ ਅਤੇ ਸਿਮ ਕਾਰਡ ਜ਼ਬਤ ਕਰ ਲਿਆ ਹੈ ਜੋ ਇਸ ਘਪਲੇ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਡਾਟਾ ਮਾਹਿਰਾਂ ਨੂੰ ਭੇਜਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਐਮ.ਵੀ.ਆਈ., ਜਲੰਧਰ ਦੇ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ ਅਤੇ ਵੱਡੇ ਪੱਧਰ ‘ਤੇ ਪ੍ਰਾਈਵੇਟ ਏਜੰਟਾਂ ਨਾਲ ਮਿਲੀਭੁਗਤ ਕਰਕੇ ਵਪਾਰਕ ਅਤੇ ਨਿੱਜੀ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਲਈ ਕੀਤੇ ਜਾ ਰਹੇ ਸੰਗਠਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਪੁਖਤਾ ਸਬੂਤਾਂ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮੁਕੱਦਮਾ ਨੰਬਰ 14 ਮਿਤੀ 23-08-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੁੱਲ 11 ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜੋ ਕਿ ਜੇਲ੍ਹ ਵਿੱਚ ਬੰਦ ਹਨ ਜਿਨ੍ਹਾਂ ਵਿੱਚ ਨਰੇਸ਼ ਕਲੇਰ, ਰਾਮਪਾਲ ਉਰਫ਼ ਰਾਧੇ, ਮੋਹਨ ਲਾਲ ਉਰਫ਼ ਕਾਲੂ, ਪਰਮਜੀਤ ਸਿੰਘ ਬੇਦੀ, ਸੁਰਜੀਤ ਸਿੰਘ ਅਤੇ ਹਰਵਿੰਦਰ ਸਿੰਘ, ਪੰਕਜ ਢੀਂਗਰਾ ਉਰਫ਼ ਭੋਲੂ, ਬ੍ਰਿਜਪਾਲ ਸਿੰਘ ਉਰਫ਼ ਰਿੱਕੀ, ਅਰਵਿੰਦ ਕੁਮਾਰ ਉਰਫ਼ ਬਿੰਦੂ, ਵਰਿੰਦਰ ਸਿੰਘ ਉਰਫ ਦੀਪੂ ਅਤੇ ਸਪਨਾ (ਸਾਰੇ ਪ੍ਰਾਈਵੇਟ ਏਜੰਟ) ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਭਗੌੜੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

Scroll to Top