29th Kamaljit Games

29ਵੀਂ ਕਮਲਜੀਤ ਖੇਡਾਂ-2022 ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਖਿਡਾਰੀਆਂ ਦਾ ਐਲਾਨ

ਲੁਧਿਆਣਾ 10 ਦਸੰਬਰ 2022 : ਬਟਾਲਾ (ਗੁਰਦਾਸਪੁਰ) ਦੀ ਉਲੰਪੀਅਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਵੱਲੋਂ ਸ਼ੂਗਰ ਮਿੱਲ ਬਟਾਲਾ ਨੇੜਲੇ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਕੱਲ੍ਹ ਤੋਂ 14 ਦਸੰਬਰ 2022 ਤੱਕ ਕਰਵਾਈਆਂ ਜਾ ਰਹੀਆਂ ਓਲੰਪਿਕ ਚਾਰਟਰ ਦੀਆਂ 29ਵੀਂ ਕਮਲਜੀਤ ਖੇਡਾਂ-2022 ਮੌਕੇ ਸਨਮਾਨਿਤ ਕੀਤੇ ਜਾਣ ਵਾਲੇ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ।

ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਬਣਾਈ ਕਮੇਟੀ ਦੇ ਮੁਖੀ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਅੱਜ ਲੁਧਿਆਣਾ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਦਸੰਬਰ ਨੂੰ ਖੇਡ ਜਗਤ ਦੀਆਂ ਛੇ ਉਘੀਆਂ ਸਖਸ਼ੀਅਤਾਂ ਨੂੰ ਸਨਮਾਨਤ ਕੀਤਾ ਜਾਵੇਗਾ। ਸਨਮਾਨਿਤ ਖਿਡਾਰੀਆਂ ਨੂੰ 25-25 ਹਜ਼ਾਰ ਰੁਪਏ ਦੀ ਨਗਦ ਇਨਾਮ ਰਾਸ਼ੀ, ਸਨਮਾਨ ਪੱਤਰ, ਜੋਸ਼ੀਲਾ ਤੇ ਪੁਸਤਕਾਂ ਦਾ ਸੈੱਟ ਭੇਂਟ ਕੀਤਾ ਜਾਵੇਗਾ।

ਇਸ ਵਾਰ ਅਰਜੁਨਾ ਐਵਾਰਡੀ ਵਿਕਾਸ ਠਾਕੁਰ ਨੂੰ ਸ਼ਹੀਦ ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ ਐਵਾਰਡ, ਓਲੰਪੀਅਨ ਸਰਵਨਜੀਤ ਸਿੰਘ ਨੂੰ ਸੁਰਜੀਤ ਯਾਦਗਾਰੀ ਐਵਾਰਡ, ਅਥਲੀਟ ਗੁਰਿੰਦਰਵੀਰ ਸਿੰਘ ਨੂੰ ਕਮਲਜੀਤ ਯਾਦਗਾਰੀ ਐਵਾਰਡ, ਰਾਸ਼ਟਰਮੰਡਲ ਖੇਡਾਂ ਦੀ ਤਮਗ਼ਾ ਜੇਤੂ ਵੇਟਲਿਫਟਰ ਹਰਜਿੰਦਰ ਕੌਰ ਨੂੰ ਹਰਜੀਤ ਬਰਾੜ ਬਾਜਾਖਾਨਾ ਯਾਦਗਾਰੀ ਐਵਾਰਡ, ਕੌਮਾਂਤਰੀ ਫੁਟਬਾਲਰ ਸੁਖਪਾਲ ਸਿੰਘ ਰੰਧਾਵਾ ਨੂੰ ਮਾਝੇ ਦਾ ਮਾਣ ਐਵਾਰਡ ਅਤੇ ਭਾਰਤ ਦੇ ਸਾਬਕਾ ਚੀਫ ਕੋਚ ਅਥਲੈਟਿਕਸ ਹਰਭਜਨ ਸਿੰਘ ਰੰਧਾਵਾ (ਪਿੰਡ ਨੰਗਲੀ ਨੇੜੇ ਮਹਿਤਾ ਚੌਂਕ) ਨੂੰ ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਦਿੱਤਾ ਜਾਵੇਗਾ।

ਇਸ ਤੋਂ ਪਹਿਲਾਂ ਪ੍ਰੋ. ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕਮੇਟੀ ਦੀ ਵਰਚੂਅਲ ਮੀਟਿੰਗ ਹੋਈ ਜਿਸ ਵਿੱਚ ਕਮੇਟੀ ਮੈਂਬਰ ਪ੍ਰੋ. ਸੁਰਿੰਦਰ ਸਿੰਘ ਕਾਹਲੋਂ, ਪ੍ਰੋ. ਸੁਖਵੰਤ ਸਿੰਘ ਗਿੱਲ, ਓਲੰਪੀਅਨ ਮਨਜੀਤ ਕੌਰ ਤੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਨੇ ਹਿੱਸਾ ਲਿਆ ਅਤੇ ਵੱਖ-ਵੱਖ ਖਿਡਾਰੀਆਂ ਦੀਆਂ ਪ੍ਰਾਪਤੀਆਂ ਉਤੇ ਵਿਚਾਰ ਵਟਾਂਦਰਾ ਕਰਕੇ ਸਨਮਾਨਤ ਕੀਤੇ ਜਾਣ ਵਾਲੇ ਖਿਡਾਰੀਆਂ ਦਾ ਫੈਸਲਾ ਕੀਤਾ ਗਿਆ ਹੈ।

ਸਨਮਾਨਿਤ ਕੀਤੇ ਜਾਣ ਵਾਲੇ ਖਿਡਾਰੀਆਂ ਦੇ ਵੇਰਵੇ ਇਸ ਅਨੁਸਾਰ ਹਨ।

ਲੁਧਿਆਣਾ ਦਾ ਰਹਿਣ ਵਾਲਾ ਵਿਕਾਸ ਠਾਕੁਰ ਵੇਟਲਿਫਟਿੰਗ ਵਿੱਚ ਲਗਾਤਾਰ ਤਿੰਨ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਤਮਗੇ ਜਿੱਤ ਚੁੱਕਾ ਹੈ। ਇਸ ਸਾਲ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਵਿਕਾਸ ਠਾਕੁਰ ਨੇ 96 ਕਿਲੋ ਭਾਰ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤਿਆ। ਵਿਕਾਸ ਨੇ 2018 ਵਿੱਚ ਗੋਲਡ ਕੋਸਟ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਅਤੇ 2014 ਵਿੱਚ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਉਸ ਨੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਇਕ ਸੋਨੇ, ਦੋ ਚਾਂਦੀ ਤੇ ਦੋ ਕਾਂਸੀ ਦੇ ਤਮਗ਼ੇ ਜਿੱਤੇ ਹਨ। ਇਸ ਸਾਲ ਭਾਰਤ ਸਰਕਾਰ ਵੱਲੋਂ ਐਲਾਨ ਖੇਡ ਪੁਰਸਕਾਰਾਂ ਵਿੱਚ ਵਿਕਾਸ ਠਾਕੁਰ ਦੀ ਅਰਜੁਨਾ ਐਵਾਰਡ ਲਈ ਚੋਣ ਹੋਈ ਹੈ।

ਓਲੰਪੀਅਨ ਸਰਵਨਜੀਤ ਸਿੰਘ (ਸੁਰਜੀਤ ਯਾਦਗਾਰੀ ਐਵਾਰਡ)

ਗੁਰਦਾਸਪੁਰ ਜ਼ਿਲੇ ਵਿੱਚ ਬਟਾਲਾ ਨੇੜਲੇ ਪਿੰਡ ਮਰੜ ਦਾ ਰਹਿਣ ਵਾਲਾ ਸਰਵਨਜੀਤ ਸਿੰਘ ਭਾਰਤੀ ਹਾਕੀ ਦਾ ਫਾਰਵਰਡ ਖਿਡਾਰੀ ਰਿਹਾ ਹੈ। ਉਸ ਨੇ ਭਾਰਤ ਵੱਲੋਂ 125 ਕੌਮਾਂਤਰੀ ਮੁਕਾਬਲਿਆਂ ਵਿੱਚ ਹਿੱਸਾ ਲਿਆ। ਸਰਵਨਜੀਤ ਸਿੰਘ ਨੇ ਪਿਛਲੇ ਸਾਲ 2012 ਵਿੱਚ ਲੰਡਨ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਸਰਵਨਜੀਤ ਸਿੰਘ ਨੇ 2010 ਵਿੱਚ ਨਵੀਂ ਦਿੱਲੀ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ, 2010 ਵਿੱਚ ਗੁਆਂਗਜ਼ੂ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਅਤੇ 2011 ਵਿੱਚ ਹੋਈ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਉਹ ਇਸ ਵੇਲੇ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਵਜੋਂ ਸੇਵਾ ਨਿਭਾ ਰਿਹਾ ਹੈ।

ਗੁਰਿੰਦਰਵੀਰ ਸਿੰਘ (ਕਮਲਜੀਤ ਯਾਦਗਾਰੀ ਐਵਾਰਡ)

ਜਲੰਧਰ ਜ਼ਿਲੇ ਦੇ ਪਿੰਡ ਪਟਿਆਲ ਭੋਗਪੁਰ ਦਾ ਰਹਿਣ ਵਾਲਾ ਗੁਰਿੰਦਰਵੀਰ ਸਿੰਘ 100 ਮੀਟਰ ਫਰਾਟਾ ਦੌੜ ਦਾ ਕੌਮਾਂਤਰੀ ਅਥਲੀਟ ਹੈ। ਉਹ ਯੂਥ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 100 ਮੀਟਰ ਤੇ 4 ਗੁਣਾਂ 100 ਮੀਟਰ ਰਿਲੇਅ ਦੌੜ ਵਿੱਚ ਦੋ ਸੋਨੇ ਦੇ ਤਮਗੇ, ਸੈਫ ਖੇਡਾਂ ਵਿੱਚ ਰਿਲੇਅ ਦੌੜ ਵਿੱਚ ਇਕ ਸੋਨੇ ਤੇ ਇਕ ਚਾਂਦੀ ਦਾ ਤਮਗ਼ਾ, ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਰਿਲੇਅ ਦੌੜ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਚੁੱਕਾ ਹੈ। ਕੌਮੀ ਪੱਧਰ ਉਤੇ ਉਸ ਨੇ ਤਿੰਨ ਵਾਰ ਫੈਡਰੇਸ਼ਨ ਕੱਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ। ਗੁਰਿੰਦਰਵੀਰ ਸਿੰਘ ਨੇ 24ਵੇਂ ਫੈਡਰੇਸ਼ਨ ਕੱਪ ਵਿੱਚ 100 ਮੀਟਰ ਵਿੱਚ 10.30 ਸਕਿੰਟ ਦਾ ਬਿਹਤਰੀਨ ਸਮਾਂ ਕੱਢਦਿਆਂ ਸੋਨੇ ਦਾ ਮੈਡਲ ਜਿੱਤਿਆ।

ਹਰਜਿੰਦਰ ਕੌਰ (ਹਰਜੀਤ ਬਰਾੜ ਬਾਜਾਖਾਨਾ ਯਾਦਗਾਰੀ ਐਵਾਰਡ)

ਨਾਭਾ ਨੇੜਲੇ ਮੈਹਸ ਪਿੰਡ ਦੀ ਰਹਿਣ ਵਾਲੀ ਹਰਜਿੰਦਰ ਕੌਰ ਸਾਧਾਰਣ ਪਰਿਵਾਰ ਦੀ ਵੱਡੀਆਂ ਪ੍ਰਾਪਤੀਆਂ ਵਾਲੀ ਖਿਡਾਰਨ ਹੈ। ਹਰਜਿੰਦਰ ਕੌਰ ਨੇ ਇਸ ਸਾਲ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਵੇਟਲਿਫਟਿੰਗ ਵਿੱਚ ਕਾਂਸੀ ਦਾ ਮੈਡਲ ਜਿੱਤਿਆ। ਹਰਜਿੰਦਰ ਕੌਰ ਨੇ ਇਸ ਸਾਲ ਗੁਜਰਾਤ ਵਿਖੇ ਹੋਈਆਂ ਨੈਸ਼ਨਲ ਖੇਡਾਂ ਵਿੱਚ ਵੀ ਮੈਡਲ ਜਿੱਤਿਆ।

ਸੁਖਪਾਲ ਸਿੰਘ ਰੰਧਾਵਾ (ਮਾਝੇ ਦਾ ਮਾਣ ਐਵਾਰਡ)

ਬਟਾਲਾ ਨੇੜਲੇ ਪਿੰਡ ਗੋਧਰਪੁਰਾ ਦੇ ਜੰਮਪਲ ਸੁਖਪਾਲ ਸਿੰਘ ਰੰਧਾਵਾ ਇੰਟਰਨੈਸ਼ਨਲ ਫੁਟਬਾਲਰ ਹਨ। ਉਨ੍ਹਾਂ 7 ਵਾਰ ਨੈਸ਼ਨਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਚਾਰ ਸੋਨੇ ਤੇ ਇਕ ਚਾਂਦੀ ਦਾ ਤਮਗ਼ਾ ਜਿੱਤਿਆ। 8 ਵਾਰ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਹਿੱਸਾ ਲਿਆ ਅਤੇ 7 ਵਾਰ ਸੋਨੇ ਅਤੇ ਇਕ ਵਾਰ ਚਾਂਦੀ ਦਾ ਤਮਗ਼ਾ ਜਿੱਤਿਆ। ਕੌਮਾਂਤਰੀ ਪੱਧਰ ‘ਤੇ ਸੁਖਪਾਲ ਸਿੰਘ ਨੇ ਸਕੂਲੀ ਪੱਧਰ ‘ਤੇ ਕੋਰੀਆ ਅਤੇ ਥਾਈਲੈਂਡ ਦਾ ਦੌਰਾ ਕੀਤਾ ਜਦੋਂ ਕਿ ਜੂਨੀਅਰ ਭਾਰਤੀ ਟੀਮ ਵੱਲੋਂ ਰੂਸ ਵਿਖੇ ਹਿੱਸਾ ਲਿਆ।

ਹਰਭਜਨ ਸਿੰਘ ਰੰਧਾਵਾ (ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ)

ਹਰਭਜਨ ਸਿੰਘ ਰੰਧਾਵਾ ਮਹਿਤਾ ਚੌਕ ਨੇੜਲੇ ਨੰਗਲੀ ਪਿੰਡ ਦੇ ਵਸਨੀਕ ਹਨ। ਹਰਭਜਨ ਸਿੰਘ ਰੰਧਾਵਾ ਦਾ ਜਨਮ ਖੇਡ ਪਰਿਵਾਰ ਵਿੱਚ ਹੋਇਆ ਜਿੱਥੇ ਉਨ੍ਹਾਂ ਦੇ ਪਿਤਾ ਮੇਜਰ ਟਹਿਲ ਸਿੰਘ ਰੰਧਾਵਾ ਵੱਡੇ ਅਥਲੀਟ ਸਨ ਉਥੇ ਛੋਟੇ ਭਰਾ ਗੁਰਬਚਨ ਸਿੰਘ ਰੰਧਾਵਾ ਟੋਕੀਓ ਓਲੰਪਿਕ ਖੇਡਾਂ-1964 ਵਿੱਚ 110 ਮੀਟਰ ਹਰਡਲਜ਼ ਦੌੜ ਵਿੱਚ ਪੰਜਵੇਂ ਸਥਾਨ ਉਤੇ ਆਏ। ਹਰਭਜਨ ਸਿੰਘ ਰੰਧਾਵਾ ਭਾਰਤੀ ਅਥਲੈਟਿਕਸ ਟੀਮ ਦੇ ਚੀਫ ਕੋਚ ਰਿਟਾਇਰ ਹੋਏ। ਉਨ੍ਹਾਂ ਦੀ ਕੋਚਿੰਗ ਹੇਠ ਭਾਰਤੀ ਅਥਲੈਟਿਕਸ ਨੇ ਸੁਨਹਿਰੀ ਪ੍ਰਾਪਤੀਆਂ ਹਾਸਲ ਕੀਤੀਆਂ।
ਖੇਡਾਂ ਕੱਲ੍ਹ ਤੋਂ ਸ਼ੁਰੂ ਹੋ ਰਹੀਆਂ

Scroll to Top