Site icon TheUnmute.com

ਅਨਮੋਲ ਗਗਨ ਮਾਨ ਨੇ ਖਰੜ ਨਾਲ ਸਬੰਧਤ ਲੰਬਿਤ ਪਏ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਦਿੱਤਾ ਭਰੋਸਾ

Kharar

ਖਰੜ/ਐਸ.ਏ.ਐਸ. ਨਗਰ, 27 ਦਸੰਬਰ, 2023: ਸ਼ਹਿਰ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਕੈਬਨਿਟ ਮੰਤਰੀ ਪੰਜਾਬ ਮਿਸ ਅਨਮੋਲ ਗਗਨ ਮਾਨ ਨੂੰ ਮਿਲਣ ਆਏ ਜਨ ਹਿੱਤ ਵਿਕਾਸ ਕਮੇਟੀ ਖਰੜ (Kharar) ਦੇ ਵਫ਼ਦ ਨੂੰ ਮੰਤਰੀ ਨੇ ਇਨ੍ਹਾਂ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ।

ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਪਰਾਹੁਣਚਾਰੀ, ਕਿਰਤ ਅਤੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਨੇ ਚੰਡੀਗੜ੍ਹ ਵਿਖੇ ਆਪਣੇ ਕੈਂਪ ਆਫਿਸ ਵਿਖੇ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸ਼ਹਿਰੀਕਰਨ ਦਾ ਸਭ ਤੋਂ ਵੱਧ ਬੋਝ ਝੱਲ ਰਹੇ ਖਰੜ ਸ਼ਹਿਰ ਵਿੱਚ ਬੁਨਿਆਦੀ ਢਾਂਚੇ ਅਤੇ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਬਣਦਾ ਸੀ ਪਰ ਦਿੱਤਾ ਨਹੀਂ ਗਿਆ।

ਹੁਣ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਵਾਧੂ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਮੌਜੂਦਾ ਸੁਵਿਧਾਵਾਂ ਦਾ ਵਿਸਤਾਰ ਕਰਨ ਦਾ ਫ਼ੈਸਲਾ ਵੀ ਲਿਆ ਹੈ। ਸੀਵਰੇਜ, ਵਾਟਰ ਸਪਲਾਈ (ਨਹਿਰੀ ਜਲ ਸਪਲਾਈ ਆਧਾਰਿਤ) ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਦਕਿ ਨਵੇਂ ਬੱਸ ਸਟੈਂਡ ਦੀ ਉਸਾਰੀ ਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ। ਇਸ ਤੋਂ ਇਲਾਵਾ ਦਰਪਨ ਸਿਟੀ ਦੇ ਮੌਜੂਦਾ ਕੂੜਾ ਡੰਪ ਨੂੰ ਚੁਕਾਉਣ ਤੋਂ ਇਲਾਵਾ ਸ਼ਹਿਰ ਦੀ ਸਫਾਈ ਅਤੇ ਸੁੰਦਰੀਕਰਨ ਨੂੰ ਵੀ ਪਹਿਲ ਦੇ ਆਧਾਰ ‘ਤੇ ਲਿਆ ਜਾਵੇਗਾ। ਸਾਰੀਆਂ ਚੀਜ਼ਾਂ ਨੂੰ ਦਰੁਸਤ ਰੱਖਣ ਲਈ ਇੱਕ ਟਾਊਨ ਪਲੈਨਰ / ਸਲਾਹਕਾਰ ਵੀ ਨਿਯੁਕਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਨ ਹਿੱਤ ਵਿਕਾਸ ਕਮੇਟੀ ਵੱਲੋਂ ਸਮਰਪਿਤ ਵੈਂਡਿੰਗ ਜ਼ੋਨਾਂ ਦੀ ਸ਼ਨਾਖਤ ਕਰਕੇ ਬਜ਼ਾਰਾਂ ਵਿੱਚੋਂ ਕਬਜ਼ਿਆਂ ਨੂੰ ਹਟਾਉਣ, ਖਾਲੀ ਪਏ ਪਲਾਟਾਂ ਦੀ ਸਫ਼ਾਈ, ਅਵਾਰਾ ਪਸ਼ੂਆਂ ਅਤੇ ਕੁੱਤਿਆਂ ਨਾਲ ਨਜਿੱਠਣ, ਸ਼ੋਰ ਪ੍ਰਦੂਸ਼ਣ ਦੇ ਸਰੋਤਾਂ ‘ਤੇ ਕਾਰਵਾਈ, ਖੁੱਲ੍ਹੇ ਨਾਲਿਆਂ ਨੂੰ ਢੱਕਣ ਵਰਗੇ ਮੁੱਦੇ ਵੀ ਤਰਜੀਹੀ ਆਧਾਰ ਤੇ ਹੱਲ ਕੀਤੇ ਜਾਣਗੇ।

ਮੰਤਰੀ ਨੇ ਖਰੜ (Kharar) ਦੇ ਉਪ ਮੰਡਲ ਮੈਜਿਸਟਰੇਟ ਗੁਰਮੰਦਰ ਸਿੰਘ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਮਨਵੀਰ ਸਿੰਘ ਗਿੱਲ, ਕਾਰਜਕਾਰੀ ਇੰਜਨੀਅਰ ਪੀ.ਐਸ.ਪੀ.ਸੀ.ਐਲ. ਇੰਦਰਪ੍ਰੀਤ ਸਿੰਘ ਅਤੇ ਕੌਂਸਲ ਦੇ ਜੇ.ਈ. ਅਨਿਲ ਕੁਮਾਰ ਨੂੰ ਜਨ ਹਿੱਤ ਵਿਕਾਸ ਕਮੇਟੀ ਦੀਆਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਵਿਚਾਰਨ ਅਤੇ ਮਸਲਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਕਿਹਾ। ਕਮੇਟੀ ਦੇ ਨੁਮਾਇੰਦਿਆਂ ਵਿੱਚ ਰਣਜੀਤ ਸਿੰਘ ਪ੍ਰਧਾਨ, ਬ੍ਰਿਜ ਮੋਹਨ ਸ਼ਰਮਾ ਜਨਰਲ ਸਕੱਤਰ ਅਤੇ ਰਜਿੰਦਰ ਸੋਹਲ ਕੈਸ਼ੀਅਰ ਤੋਂ ਇਲਾਵਾ ਹਰਪ੍ਰੀਤ ਸਿੰਘ, ਗਿਲਕੋ ਵੈਲੀ ਵਾਰਡ 16 ਤੋਂ ਅਮਨਦੀਪ ਸਿੰਘ, ਪਾਲ ਸਿੰਘ, ਮਾਸਟਰ ਅਜੈਬ ਸਿੰਘ, ਜੋਗਿੰਦਰ ਸਿੰਘ, ਸੇਵਾ ਸਿੰਘ, ਸ੍ਰੀਮਤੀ ਰਜਿੰਦਰ ਕੌਰ, ਮਾਸਟਰ ਕਰਨੈਲ ਸਿੰਘ, ਜਸਵੀਰ ਸਿੰਘ, ਸਤਵੰਤ ਸਿੰਘ, ਕੇਸਰ ਸਿੰਘ, ਗੁਰਚਰਨ ਸਿੰਘ ਅਤੇ ਮਨਜੀਤ ਸਿੰਘ ਚੋਲਟਾ ਆਦਿ ਹਾਜ਼ਰ ਸਨ।

Exit mobile version