July 7, 2024 4:46 pm
ਮੇਕਾਪਤੀ ਗੌਤਮ ਰੈੱਡੀ

ਆਂਧਰਾ ਪ੍ਰਦੇਸ਼ ਦੇ ਉਦਯੋਗ ਮੰਤਰੀ ਮੇਕਾਪਤੀ ਗੌਤਮ ਰੈੱਡੀ ਦਾ ਹੋਇਆ ਦੇਹਾਂਤ

ਚੰਡੀਗੜ੍ਹ 21 ਫਰਵਰੀ 2022: ਆਂਧਰਾ ਪ੍ਰਦੇਸ਼ ਦੇ ਉਦਯੋਗ ਮੰਤਰੀ ਮੇਕਾਪਤੀ ਗੌਤਮ ਰੈੱਡੀ ਦਾ ਸੋਮਵਾਰ ਨੂੰ 50 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ । ਉਨ੍ਹਾਂ ਨੂੰ ਹੈਦਰਾਬਾਦ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ ਮੇਕਾਪਤੀ ਗੌਤਮ ਰੈੱਡੀ ਫਿਟਨੈੱਸ ਨੂੰ ਲੈ ਕੇ ਕਾਫੀ ਸੁਚੇਤ ਸਨ। ਉਹ ਆਪਣੇ ਪਿੱਛੇ ਪਤਨੀ, ਇੱਕ ਧੀ ਅਤੇ ਇੱਕ ਪੁੱਤਰ ਛੱਡ ਗਿਆ ਹੈ।

ਗੌਤਮ ਰੈੱਡੀ ਆਂਧਰਾ ਪ੍ਰਦੇਸ਼ ਦੇ ਨੇਲੋਰ ਜ਼ਿਲ੍ਹੇ ਦੀ ਆਤਮਕੁਰੂ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ। ਉਹ ਜਗਨਮੋਹਨ ਰੈਡੀ ਦੀ ਪਾਰਟੀ ਵਾਈਐਸਆਰ ਕਾਂਗਰਸ ਦਾ ਆਗੂ ਸੀ ਅਤੇ ਜਗਨ ਸਰਕਾਰ ਦੇ ਮੰਤਰੀ ਮੰਡਲ ‘ਚ ਉਦਯੋਗ ਮੰਤਰਾਲੇ ਦੇ ਨਾਲ-ਨਾਲ ਵਣਜ, ਆਈਟੀ ਅਤੇ ਹੁਨਰ ਵਿਕਾਸ ਵਿਭਾਗਾਂ ਨੂੰ ਸੰਭਾਲਦਾ ਸੀ। ਜਿਕਰਯੋਗ ਹੈ ਕਿ ਪਿਛਲੇ ਹਫਤੇ ਹੀ ਰੈੱਡੀ ਨੇ ਅਬੂ ਧਾਬੀ ਦਾ ਦੌਰਾ ਕੀਤਾ ਸੀ, ਜਿੱਥੇ ਰਾਜ ‘ਚ ਆਂਧਰਾ ਸਰਕਾਰ ਦੁਆਰਾ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਦੁਬਈ ਆਟੋ ਐਕਸਪੋ ‘ਚ ਅਬੂ ਧਾਬੀ ਰੋਡ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ। ਇੱਥੇ ਉਨ੍ਹਾਂ ਨੇ ਕਈ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨਾਲ ਮੁਲਾਕਾਤ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਗੌਤਮ ਰੈੱਡੀ ਸਾਬਕਾ ਸੰਸਦ ਮੈਂਬਰ ਮੇਕਾਪਤੀ ਰਾਜਾਮੋਹਨ ਰੈੱਡੀ ਦੇ ਬੇਟੇ ਸਨ। ਉਹ ਪਹਿਲੀ ਵਾਰ 2014 ‘ਚ ਆਤਮਕੁਰੂ ਤੋਂ ਵਿਧਾਇਕ ਚੁਣੇ ਗਏ ਸਨ। 2019 ‘ਚ, ਉਹ ਦੁਬਾਰਾ ਇੱਥੋਂ ਚੁਣੇ ਗਏ ਅਤੇ ਵਾਈਐਸਆਰ ਕਾਂਗਰਸ ਦੀ ਪਹਿਲੀ ਸਰਕਾਰ ‘ਚ ਮੰਤਰੀ ਬਣੇ। ਮੁੱਖ ਮੰਤਰੀ ਜਗਨਮੋਹਨ ਰੈੱਡੀ ਅਤੇ ਹੋਰ ਕੈਬਨਿਟ ਮੰਤਰੀਆਂ ਨੇ ਗੌਥਮ ਰੈਡੀ ਦੇ ਅਚਾਨਕ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ।