Patiala

ਪਨਸਪ ਪਟਿਆਲਾ ਇਕ ਦੇ ਹਲਕਾ ਇੰਚਾਰਜ ਦੇ ਖਿਲਾਫ਼ ਕਣਕ ਘੁਟਾਲੇ ਮਾਮਲੇ ‘ਚ FIR ਦਰਜ

ਪਟਿਆਲਾ 19 ਅਗਸਤ 2022: ਪਟਿਆਲਾ (Patiala) ਸਾਲ 2021-2023 ਦੌਰਾਨ ਪਟਿਆਲਾ ਦੇ ਦੇਵੀਗੜ੍ਹ ਰੋਡ ‘ਤੇ ਸਥਿਤ ਪਨਸਪ ਦੇ ਗੋਦਾਮ ਵਿਚ ਕਣਕ ਦੇ ਸਟਾਕ ਵਿੱਚ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ | ਕਣਕ ਵਿੱਚ ਤਿੰਨ ਕਰੋੜ ਤੋਂ ਵੱਧ ਦਾ ਘਪਲਾ ਕਰਨ ਦੇ ਦੋਸ਼ ਤਹਿਤ ਪਟਿਆਲਾ ਦੀ ਥਾਣਾ ਸਦਰ ਪੁਲਿਸ ਨੇ ਹਲਕਾ ਇੰਚਾਰਜ ਗੁਰਿੰਦਰ ਸਿੰਘ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਹਲਕਾ ਇੰਚਾਰਜ ਪਿਛਲੇ ਕਈ ਮਹੀਨਿਆਂ ਤੋਂ ਗ਼ੈਰ ਹਾਜ਼ਰ ਵੀ ਚੱਲ ਰਿਹਾ ਸੀ |

ਜਿਕਰਯੋਗ ਹੈ ਕਿ ਪਨਸਪ ਦੇ ਡੀ.ਐੱਮ ਮੈਨੇਜਰ ਅਮਿਤ ਕੁਮਾਰ ਵਾਸੀ ਪਟਿਆਲਾ ਦੀ ਸ਼ਿਕਾਇਤ ਤੋਂ ਬਾਅਦ ਇਹ ਐੱਫ ਆਈ ਆਰ ਦਰਜ ਕੀਤੀ ਗਈ ਹੈ | ਪਨਸਪ ਦੇ ਹਲਕਾ ਇੰਚਾਰਜ ਗੁਰਿੰਦਰ ਸਿੰਘ 3 ਕਰੋੜ 13 ਲੱਖ ਤੋਂ ਵੱਧ ਦੀ ਕਣਕ ਨੂੰ ਖੁਰਦ ਬੁਰਦ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ |

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਨਸਪ (PUNSUP) ਦਾ ਹਲਕਾ ਇੰਚਾਰਜ ਗੁਰਿੰਦਰ ਸਿੰਘ ਆਪਣੇ ਪਰਿਵਾਰ ਨਾਲ ਵਿਦੇਸ਼ ਫ਼ਰਾਰ ਹੋਣ ਵਿੱਚ ਵੀ ਸਫ਼ਲ ਹੋ ਗਿਆ। ਇਸ ਮੁਲਜ਼ਮ ਦੇ ਖਿਲਾਫ ਐੱਫ ਆਈ ਆਰ ਨੰਬਰ 124 ਮਿਤੀ 17-8-2022 ਨੂੰ ਅੰਡਰ ਸੈਕਸ਼ਨ 406,409,420,467,468,471 ਪਟਿਆਲਾ ਦੇ ਥਾਣਾ ਸਦਰ ਵਿਖੇ ਦਰਜ ਕੀਤੀ ਗਈ ਹੈ | ਫਿਲਹਾਲ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤਕਰਤਾ ਅਮਿਤ ਕੁਮਾਰ ਦਾ ਕੋਈ ਵੀ ਬਿਆਨ ਮੀਡੀਆ ਸਾਹਮਣੇ ਨਹੀਂ ਆਇਆ |

ਇਸ ਮਾਮਲੇ ਨੂੰ ਲੈ ਕੇ ਡੀ.ਐਸ.ਪੀ ਗੁਰਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਨਸਪ ਦੇ ਐਮ ਡੀ ਮੈਨੇਜਰ ਅਮਿਤ ਕੁਮਾਰ ਦੀ ਸ਼ਿਕਾਇਤ ਤੋਂ ਬਾਅਦ ਉਕਤ ਪਨਸਪ ਦੇ ਹਲਕਾ ਇੰਚਾਰਜ ਗੁਰਿੰਦਰ ਸਿੰਘ ਦੇ ਖਿਲਾਫ਼ ਕਣਕ ਨੂੰ ਖੁਰਦ ਬੁਰਦ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ | ਉੱਥੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਦੀ ਪੁਲਸ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਦੀ ਭਾਲ ਲਈ ਵੱਖ ਵੱਖ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ

ਉਨ੍ਹਾਂ ਦੱਸਿਆ ਕਿ ਸੂਤਰਾਂ ਤੋਂ ਜਾਣਕਾਰੀ ਮਿਲ ਰਹੀ ਹੈ ਕਿ ਇਹ ਦੋਸ਼ੀ ਵਿਦੇਸ਼ ਫ਼ਰਾਰ ਹੋ ਗਿਆ ਪਰ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ | ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਕਿਹੜਾ ਕਿਹੜਾ ਅਧਿਕਾਰੀ ਸ਼ਾਮਲ ਹੈ, ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ |

Scroll to Top