Site icon TheUnmute.com

ਵਿਜੀਲੈਂਸ ਬਿਊਰੋ ਵੱਲੋਂ ਆਬਕਾਰੀ ਵਿਭਾਗ ਦਾ ਸੇਵਾਦਾਰ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ

Vigilance Bureau

ਚੰਡੀਗੜ੍ਹ, 29 ਅਕਤੂਬਰ, 2024: ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਨੇ ਆਬਕਾਰੀ ਤੇ ਕਰ ਵਿਭਾਗ ਦੇ ਸੇਵਾਦਾਰ (ਹੁਣ ਕਲਰਕ) ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ | ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਸੰਜੀਵ ਮਲਹੋਤਰਾ ਆਬਕਾਰੀ ਤੇ ਕਰ ਵਿਭਾਗ ਕਪੂਰਥਲਾ ਦੇ ਸੇਵਾਦਾਰ (ਹੁਣ ਕਲਰਕ) ਵਜੋਂ ਤਾਇਨਾਤ ਸੀ |

ਇਸਤੋਂ ਪਹਿਲਾਂ ਵਿਜੀਲੈਂਸ ਬਿਊਰੋ ਨੇ ਆਬਕਾਰੀ ਤੇ ਕਰ ਵਿਭਾਗ ਦੇ ਇੰਸਪੈਕਟਰ ਜਤਿੰਦਰਪਾਲ ਸਿੰਘ ਨੂੰ ਰਿਸ਼ਵਤ ਦੇ ਇੱਕ ਕੇਸ ‘ਚ ਗ੍ਰਿਫ਼ਤਾਰ ਕੀਤਾ ਸੀ, ਹੁਣ ਉਸਦੇ ਸਾਥੀ ਸਹਿ-ਮੁਲਜ਼ਮ ਸੰਜੀਵ ਮਲਹੋਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਜੀਲੈਂਸ ਨੇ ਸੰਜੀਵ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਅਤੇ 20,000 ਰੁਪਏ ਦੀ ਰਿਸ਼ਵਤ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ |

ਇਸ ਮਾਮਲੇ ਬਾਰੇ ਵਿਜੀਲੈਂਸ (Vigilance Bureau) ਨੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਮੁਹੱਲਾ ਕਿਆਮਪੁਰਾ (ਕਪੂਰਥਲਾ) ਦੇ ਰਹਿਣ ਵਾਲੇ ਨੀਰਜ ਸ਼ਰਮਾ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਵਿਖੇ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਉਕਤ ਮੁਕਜਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਮੁਤਾਬਕ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਉਹ ਕਪੂਰਥਲਾ ਸ਼ਹਿਰ ਦੇ ਕਿਆਮਪੁਰਾ ਵਿਖੇ ਇਲੈਕਟ੍ਰਾਨਿਕ ਦੀ ਦੁਕਾਨ ਚਲਾ ਰਿਹਾ ਹੈ ਅਤੇ ਉਸਨੇ ਅਪ੍ਰੈਲ 2024 ‘ਚ ਕਿਸੇ ਗ੍ਰਾਹਕ ਨੂੰ ਕੂਲਰ ਵੇਚਿਆ ਸੀ, ਜਿਸ ਸਬੰਧੀ ਗ੍ਰਾਹਕ ਨਾਲ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਉਕਤ ਦੋਵੇਂ ਮੁਲਜ਼ਮ ਇਸ ਮਾਮਲੇ ‘ਚ ਦਖ਼ਲ ਦੇ ਰਹੇ ਸਨ।

ਸ਼ਿਕਾਇਤਕਰਤਾ ਮੁਤਾਬਕ ਉਕਤ ਦੋ ਮੁਲਜਮਾਂ ਨੇ ਉਸ ਨੂੰ ਫੋਨ ਕਰਕੇ ਆਪਣੇ ਲੇਖਾਕਾਰ ਸਮੇਤ ਦਫ਼ਤਰ ਆਉਣ ਲਈ ਕਿਹਾ, ਜਿੱਥੇ ਉਨ੍ਹਾਂ ਨੇ ਬਿੱਲ ‘ਚ ਬੇਨਿਯਮੀਆਂ ਦਾ ਨਿਪਟਾਰਾ ਕਰਨ ਲਈ ਉਸ ਤੋਂ 45,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤੋਂ ਬਾਅਦ ਕਲਰਕ ਸੰਜੀਵ ਮਲਹੋਤਰਾ ਨੇ ਵਟਸਐਪ ਕਾਲ ‘ਤੇ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਪਰ ਸੌਦਾ 30 ਹਜ਼ਾਰ ਰੁਪਏ ‘ਚ ਤੈਅ ਹੋ ਗਿਆ। ਸ਼ਿਕਾਇਤਕਰਤਾ ਮੁਤਾਬਕ ਉਕਤ ਮੁਲਜ਼ਮ ਨੇ ਅਗਲੇ ਹੀ ਦਿਨ ਉਸ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ 10,000 ਰੁਪਏ ਲੈ ਲਏ, ਜਿਸ ਤੋਂ ਬਾਅਦ ਉਹ ਲਗਾਤਾਰ 20,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਉਕਤ ਮੁਲਜ਼ਮ ਨਾਲ ਫੋਨ ‘ਤੇ ਹੋਈ ਗੱਲਬਾਤ ਰਿਕਾਰਡ ਕੀਤੀ, ਜਿਸ ਨੂੰ ਉਸ ਨੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ।

ਵਿਜੀਲੈਂਸ (Vigilance Bureau) ਨੇ ਦੱਸਿਆ ਕਿ ਇਸ ਮਾਮਲੇ ‘ਚ ਸ਼ਿਕਾਇਤਕਰਤਾ ਵੱਲੋਂ ਦਿੱਤੇ ਬਿਆਨ ਅਤੇ ਪੇਸ਼ ਕੀਤੀ ਗਈ ਕਾਲ ਰਿਕਾਰਡਿੰਗ ਦੇ ਆਧਾਰ ‘ਤੇ ਸ਼ਿਕਾਇਤ ਦੀ ਪੜਤਾਲ ਦੌਰਾਨ ਸਾਰੇ ਦੋਸ਼ ਸਹੀ ਪਾਏ ਗਏ | ਜਾਂਚ ਰਿਪੋਰਟ ਦੇ ਆਧਾਰ ‘ਤੇ ਉਪਰੋਕਤ ਦੋਵਾਂ ਜਣਿਆਂ ਖਿਲਾਫ ਐਫ.ਆਈ.ਆਰ ਨੰਬਰ 17 ਮਿਤੀ 14 ਅਗਸਤ 2024 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ
ਧਾਰਾ-384, 120-ਬੀ ਤਹਿਤ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਦੇ ਥਾਣੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ ਇੰਸਪੈਕਟਰ ਜਤਿੰਦਰਪਾਲ ਸਿੰਘ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕਾ ਹੈ, ਜਦੋਂ ਕਿ ਸਹਿ ਮੁਲਜ਼ਮ ਕਲਰਕ ਸੰਜੀਵ ਮਲਹੋਤਰਾ ਪਿਛਲੇ ਦੋ ਮਹੀਨਿਆਂ ਤੋਂ ਆਪਣੀ ਗ੍ਰਿਫ਼ਤਾਰੀ ਤੋਂ ਭੱਜ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਭਲਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

 

Exit mobile version