ਚੰਡੀਗੜ੍ਹ, 17 ਜੂਨ 2023: ਦੱਖਣ-ਪੂਰਬੀ ਅਰਬ ਸਾਗਰ ਤੋਂ ਉੱਠਿਆ ਚੱਕਰਵਾਤੀ ਤੂਫਾਨ ਬਿਪਰਜੋਏ ਇਕ ਦਿਨ ਪਹਿਲਾਂ ਗੁਜਰਾਤ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਅੱਗੇ ਵਧਿਆ, ਪਰ ਆਪਣੇ ਪਿੱਛੇ ਬਿਪਰਜੋਏ ਤਬਾਹੀ ਛੱਡ ਗਿਆ। ਨੁਕਸਾਨ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਪਰ ਟੁੱਟੇ ਘਰ, ਉੱਖੜੇ ਬਿਜਲੀ ਦੇ ਖੰਭੇ ਹਰ ਪਾਸੇ ਸਥਿਤੀ ਨੂੰ ਬਿਆਨ ਕਰ ਰਹੇ ਹਨ।
ਸੜਕਾਂ ‘ਤੇ 600 ਦੇ ਕਰੀਬ ਦਰੱਖਤ ਡਿੱਗ ਗਏ, ਜਿਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਇਨ੍ਹਾਂ ਸਾਰੇ ਹਾਲਾਤਾਂ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਸ਼ਨੀਵਾਰ ਨੂੰ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਗ੍ਰਹਿ ਮੰਤਰੀ ਨੇ ਹੈਲੀਕਾਪਟਰ ਰਾਹੀਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਾਲ ਚਾਲ ਪੁੱਛਿਆ। ਇਸਦੇ ਨਾਲ ਹੀ ਮਾਂਡਵੀ ਦੇ ਸਿਵਲ ਹਸਪਤਾਲ ‘ਚ ਦਾਖਲ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ ।
ਭਾਰਤੀ ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ, ਬਿਪਰਜੋਏ ਨੇ ਰਾਜ ਦੇ ਕੱਛ ਅਤੇ ਸੌਰਾਸ਼ਟਰ ਖੇਤਰਾਂ ਦੇ ਅੱਠ ਜ਼ਿਲ੍ਹਿਆਂ ਵਿੱਚ ਸਭ ਤੋਂ ਵੱਧ ਨੁਕਸਾਨ ਕੀਤਾ ਹੈ। ਹਾਲਾਂਕਿ, ਅਗੇਤੀ ਚਿਤਾਵਨੀ ਅਤੇ ਵਿਸਤ੍ਰਿਤ ਤਿਆਰੀਆਂ ਨੇ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਕੀਤਾ। ਸਮੇਂ ਸਿਰ ਇੱਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਸੀ ।