Site icon TheUnmute.com

ਅਮਨ ਅਰੋੜਾ ਵੱਲੋਂ IT ਇਨੋਵੇਸ਼ਨ ਅਤੇ ਤਕਨਾਲੋਜੀ-ਆਧਾਰਿਤ ਪੁਲਿਸਿੰਗ ਦੇ ਖੇਤਰ ਵਿਚਲੇ ਬਿਹਤਰ ਅਭਿਆਸਾਂ ਦੀ ਪੜਚੋਲ ਕਰਨ ਲਈ ਹੈਦਰਾਬਾਦ ਦਾ ਦੌਰਾ

Aman Arora

ਚੰਡੀਗੜ੍ਹ, 17 ਨਵੰਬਰ 2023: ਪੰਜਾਬ ਦੇ ਪ੍ਰਸ਼ਾਸਕੀ ਸੁਧਾਰ ਅਤੇ ਸ਼ਿਕਾਇਤਾਂ ਬਾਰੇ ਮੰਤਰੀ ਅਮਨ ਅਰੋੜਾ (Aman Arora) ਨੇ ਆਈ.ਟੀ., ਇਨੋਵੇਸ਼ਨ ਅਤੇ ਟੈਕਨਾਲੋਜੀ-ਅਧਾਰਿਤ ਪੁਲਿਸਿੰਗ ਦੇ ਖੇਤਰ ਵਿੱਚ ਤੇਲੰਗਾਨਾ ਸੂਬੇ ਵੱਲੋਂ ਅਪਣਾਏ ਜਾ ਰਹੇ ਪ੍ਰਮੁੱਖ ਅਭਿਆਸਾਂ ਦੀ ਪੜਚੋਲ ਕਰਨ ਲਈ ਤੇਲੰਗਾਨਾ ਦੇ ਹੈਦਰਾਬਾਦ ਦਾ ਅਧਿਐਨ ਦੌਰਾ ਸ਼ੁਰੂ ਕੀਤਾ। ਇਹ ਦੌਰਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਭਰ ਵਿੱਚ ਪ੍ਰਸ਼ਾਸਨ ਨੂੰ ਹੋਰ ਬਿਹਤਰ ਬਣਾਉਣ ਲਈ ਸੇਵਾ ਪ੍ਰਦਾਨ ਕਰਨ ਤੇ ਤਕਨਾਲੋਜੀ ਦਾ ਲਾਭ ਉਠਾਉਣ ਲਈ ਉਨ੍ਹਾਂ ਨੂੰ ਦਿੱਤੇ ਹੁਕਮਾਂ ਨੂੰ ਅਮਲ ਵਿੱਚ ਲਿਆਉਂਦਿਆਂ ਸ਼ੁਰੂ ਕੀਤਾ ਗਿਆ।

ਇਸ ਦੌਰੇ ਦੌਰਾਨ ਅਮਨ ਅਰੋੜਾ (Aman Arora) ਦੇ ਨਾਲ ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪੰਜਾਬ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦਾ ਇੱਕ ਵਫ਼ਦ ਵੀ ਹਾਜ਼ਰ ਸੀ। ਉਨ੍ਹਾਂ ਨੇ ਤੇਲੰਗਾਨਾ ਦੀਆਂ ਕੁਸ਼ਲ ਸੇਵਾ ਡਿਲੀਵਰੀ ਪ੍ਰਣਾਲੀਆਂ ਬਾਰੇ ਡੂੰਘੀ ਜਾਣਕਾਰੀ ਪ੍ਰਾਪਤ ਕਰਨ ਲਈ ਸਿਟੀਜ਼ਨ ਸਰਵਿਸ ਡਿਲੀਵਰੀ ਸੈਂਟਰ ‘ਮੀਸੇਵਾ’ ਤੋਂ ਆਪਣਾ ਦੌਰਾ ਸ਼ੁਰੂ ਕੀਤਾ। ਉਨ੍ਹਾਂ ਨੇ ਤੇਲੰਗਾਨਾ ਸੂਬੇ ਦੀਆਂ ਆਈ.ਟੀ. ਪਹਿਲਕਦਮੀਆਂ, ਉਭਰਦੀਆਂ ਤਕਨੀਕਾਂ, ਡਾਟਾ ਸੈਂਟਰ ਦੇ ਸੰਚਾਲਨ ਅਤੇ ਏ.ਆਈ./ਐਮ.ਐਲ./ਬਲੌਕ ਚੇਨ, ਬਿੱਗ ਡਾਟਾ ਨੂੰ ਲਾਗੂ ਕਰਨ ਅਤੇ ਉਹਨਾਂ ਦੇ ਵਿਹਾਰਕ ਅਮਲਾਂ ਦੀ ਬਾਰੀਕੀ ਨਾਲ ਘੋਖ ਕੀਤੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਤੇਲੰਗਾਨਾ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਤੇਲੰਗਾਨਾ ਸਰਕਾਰ ਵੱਲੋਂ ਵਰਤੀਆਂ ਗਈਆਂ ਰਣਨੀਤੀਆਂ ਬਾਰੇ ਘੋਖ ਕੀਤੀ ਅਤੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਸਥਾਪਿਤ ਨੀਤੀਆਂ ਅਤੇ ਬੁਨਿਆਦੀ ਢਾਂਚੇ ਦਾ ਮੁਲਾਂਕਣ ਕੀਤਾ।

ਪ੍ਰਸ਼ਾਸਨ ਵਿੱਚ ਤਕਨਾਲੋਜੀ ਦੀ ਭੂਮਿਕਾ ਬਾਰੇ ਹੋਰ ਜਾਣਕਾਰੀ ਲੈਣ ਲਈ  ਅਮਨ ਅਰੋੜਾ ਅਤੇ ਉਨ੍ਹਾਂ ਦੀ ਟੀਮ ਨੇ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਕਿਵੇਂ ਹੈਦਰਾਬਾਦ ਪੁਲਿਸ ਨਾਗਰਿਕਾਂ ਦੇ ਜੀਵਨ ਨੂੰ ਸੁਚਾਰੂ ਬਣਾਉਣ ਦੇ ਨਾਲ-ਨਾਲ ਕਾਨੂੰਨ ਤੇ ਵਿਵਸਥਾ ਬਰਕਰਾਰ ਰੱਖਣ ਲਈ ਤਕਨਾਲੋਜੀ ਦੀ ਵਰਤੋਂ ਕਰਦੀ ਹੈ।

ਪੰਜਾਬ ਵਿੱਚ ਆਈ.ਟੀ. ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ, ਪ੍ਰਸ਼ਾਸਕੀ ਸੁਧਾਰ ਮੰਤਰੀ ਨੇ ਟੈਕ ਮਹਿੰਦਰਾ, ਗਰੀਨ ਗੋਲ਼ਡ ਐਨੀਮੇਸ਼ਨ ਆਦਿ ਵਰਗੀਆਂ ਪ੍ਰਮੁੱਖ ਆਈ.ਟੀ. ਕੰਪਨੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਹਨਾਂ ਨੂੰ ਸੂਬੇ ਵਿੱਚ ਆਪਣੀ ਯੂਨਿਟਾਂ ਸਥਾਪਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੰਜਾਬ ਵਿੱਚ ਉਦਯੋਗ ਪੱਖੀ ਮਾਹੌਲ ਸਿਰਜਣ ਸਬੰਧੀ ਪੰਜਾਬ ਸਰਕਾਰ ਦੀ ਲਈ ਅਟੱਲ ਵਚਨਬੱਧਤਾ ਨੂੰ ਦਹੁਰਾਇਆ ਜੋ ਆਈ.ਟੀ. ਕਾਰੋਬਾਰਾਂ ਦੇ ਵਿਕਾਸ ਅਤੇ ਸਫ਼ਲਤਾ ਲਈ ਲਾਹੇਬੰਦ ਹੈ।

ਵਫ਼ਦ ਨੇ ਅੱਜ ਆਪਣਾ ਦੌਰਾ ਸਮਾਪਤ ਕਰਕੇ ਪੰਜਾਬ ਵਿੱਚ ਆਈ.ਟੀ. ਖੇਤਰ ਦੇ ਵਿਕਾਸ, ਨਵੀਨਤਮ ਖੋਜਾਂ ਅਤੇ ਤਕਨਾਲੋਜੀ-ਅਧਾਰਿਤ ਪ੍ਰਸ਼ਾਸਨ ਲਈ ਸਿਫ਼ਾਰਸ਼ਾਂ ਦੀ ਰੂਪ ਰੇਖਾ ਦਰਸਾਉਂਦੀ ਵਿਆਪਕ ਰਿਪੋਰਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਪੇਸ਼ ਕਰਨ ਲਈ ਤਿਆਰ ਕੀਤੀ।

ਅਮਨ ਅਰੋੜਾ ਨੇ ਕਿਹਾ ਕਿ ਤੇਲੰਗਾਨਾ ਆਈ.ਟੀ. ਅਤੇ ਨਵੀਨਤਮ ਖੋਜਾਂ ਵਿੱਚ ਮੋਹਰੀ ਹੈ ਅਤੇ ਅਸੀਂ ਇਸ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪੰਜਾਬ ਵਿੱਚ ਸੇਵਾਵਾਂ ਪ੍ਰਦਾਨ ਕਰਨ ਅਤੇ ਪ੍ਰਸ਼ਾਸਨ ਨੂੰ ਬਿਹਤਰ ਬਣਾਉਣ ਲਈ ਵਚਨਬੱਧ ਹਾਂ ਅਤੇ ਇਸ ਮੰਤਵ ਲਈ ਅਸੀਂ ਤਕਨਾਲੋਜੀ ਦੀ ਵਰਤੋਂ ਕਰਾਂਗੇ।

ਅਮਨ ਅਰੋੜਾ (Aman Arora) ਨੇ ਤੇਲੰਗਾਨਾ ਸਰਕਾਰ ਵੱਲੋਂ ਸੂਬੇ ਵਿੱਚ ਹੁਨਰ ਵਿਕਾਸ ਵਿੱਚ ਵਾਧਾ ਕਰਨ ਸਬੰਧੀ ਵਰਤੇ ਜਾਂਦੇ ਢੰਗ-ਤਰੀਕਿਆਂ ਦੀ ਘੋਖ ਕੀਤੀ। ਕੈਬਨਿਟ ਮੰਤਰੀ ਨੇ ਸੂਬੇ ਦੇ ਸਟਾਰਟਅੱਪ ਈਕੋਸਿਸਟਮ ਜਿਵੇਂ ਵੀ-ਹੱਬ, ਟੀ-ਹੱਬ ਦੇ ਪ੍ਰਤੀਨਿਧੀਆਂ ਨਾਲ ਵੀ ਮੁਲਾਕਾਤ ਕੀਤੀ। ਮੰਤਰੀ ਨੇ ਸੂਬੇ ਦੇ ਹੁਨਰਮੰਦ ਨੌਜਵਾਨਾਂ ਅਤੇ ਉਦਯੋਗ ਪੱਖੀ ਸਰਕਾਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਕਾਰੋਬਾਰ ਸ਼ੁਰੂ ਕਰਨ ਲਈ ਬਿਹਤਰ ਸਥਾਨ ਹੈ। ਪੰਜਾਬ ਵਿੱਚ ਹੁਨਰਮੰਦ ਨੌਜਵਾਨ ਤੇ ਉਦਯੋਗ ਪੱਖੀ ਸਰਕਾਰ ਹੈ ਅਤੇ ਪੰਜਾਬ ਦੀ ਆਰਥਿਕਤਾ ਵੀ ਉਚਾਈਆਂ ਵੱਲ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਸਟਾਰਟਅੱਪਸ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਅਤੇ ਸਾਡੀ ਸਫਲਤਾ ਦੀ ਕਹਾਣੀ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕਰਦੇ ਹਨ।

ਜਲਵਾਯੂ ਪਰਿਵਰਤਨ ਗੰਭੀਰਤਾ ਨੂੰ ਉਜਾਗਰ ਕਰਦਿਆਂ, ਪ੍ਰਸ਼ਾਸ਼ਨਿਕ ਸੁਧਾਰ ਮੰਤਰੀ ਅਤੇ ਉਨ੍ਹਾਂ ਦੇ ਵਫ਼ਦ ਨੇ ਜਲਵਾਯੂ ਪਰਿਵਰਤਨ ਸਬੰਧੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਸੰਭਾਵੀ ਸਹਿਯੋਗ ਦੀ ਪੜਚੋਲ ਕਰਨ ਲਈ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.), ਹੈਦਰਾਬਾਦ ਕੈਂਪਸ ਦਾ ਦੌਰਾ ਕੀਤਾ। ਉਹਨਾਂ ਨੇ ਡਾਟਾ ਪੋਰਟਲ ਅਤੇ ਹੋਰ ਈ-ਗਵਰਨੈਂਸ ਪ੍ਰਾਜੈਕਟਾਂ ਨੂੰ ਲਾਗੂ ਕਰਨ ਦੇ ਮੌਕਿਆਂ ਬਾਰੇ ਚਰਚਾ ਕੀਤੀ ਜੋ ਪੰਜਾਬ ਵਿੱਚ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਕਰਨ ਅਤੇ ਜਲਵਾਯੂ ਪਰਿਵਰਤਨ ਸਬੰਧੀ ਮੁੱਦਿਆਂ ਨਾਲ ਨਜਿੱਠਣ ਵਿੱਚ ਮਦਦਗਾਰ ਸਾਬਿਤ ਹੋ ਸਕਦੇ ਹਨ।

ਹੈਦਰਾਬਾਦ ਦਾ ਦੌਰਾ ਕਰਨ ਵਾਲੇ ਪੰਜਾਬ ਸਰਕਾਰ ਦੇ ਵਫ਼ਦ ਵਿੱਚ ਸੀਨੀਅਰ ਮੈਨੇਜਰ ਪ੍ਰਸ਼ਾਸ਼ਕੀ ਸੁਧਾਰ ਮਨੂਜ ਸਿਆਲ, ਜਨਰਲ ਮੈਨੇਜਰ ਵਿਨੇਸ਼ ਗੌਤਮ, ਜਨਰਲ ਮੈਨੇਜਰ ਚਰਨਜੀਤ ਸਿੰਘ, ਜੁਆਇੰਟ ਡਾਇਰੈਕਟਰ ਉਦਯੋਗ ਦੀਪਇੰਦਰ ਢਿੱਲੋਂ, ਐਸ.ਟੀ.ਪੀ.ਆਈ. ਮੁਹਾਲੀ ਦੇ ਡਾਇਰੈਕਟਰ ਅਜੈ ਸ੍ਰੀਵਾਸਤਵਾ ਸ਼ਾਮਲ ਸਨ।

Exit mobile version