July 2, 2024 8:37 pm
Pipeline Project

ਅਮਨ ਅਰੋੜਾ ਨੇ ਪਹਿਲੇ ਪੜਾਅ ਤਹਿਤ 30 ਕਰੋੜ ਦੀ ਲਾਗਤ ਵਾਲੇ ਅੰਡਰ ਗਰਾਊਂਡ ਪਾਈਪਲਾਈਨ ਪ੍ਰੋਜੈਕਟ ਦੀ ਸ਼ੁਰੂਆਤ ਕਰਵਾਈ

ਸੁਨਾਮ ਊਧਮ ਸਿੰਘ ਵਾਲਾ, 13 ਮਈ 2023: ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਧਾਨ ਸਭਾ ਹਲਕਾ ਸੁਨਾਮ ਦਾ ਕਾਇਆ ਕਲਪ ਕਰਨ ਦੀ ਵਿੱਢੀ ਮੁਹਿੰਮ ਤਹਿਤ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਕਰੀਬ 4 ਮਹੀਨੇ ਪਹਿਲਾਂ ਹਲਕਾ ਸੁਨਾਮ ਦੇ 192 ਮੋਘਿਆਂ ਵਿਚ ਅੰਡਰ ਗਰਾਊਂਡ ਪਾਈਪਲਾਈਨ (Pipeline) ਪਾਉਣ ਲਈ ਪਾਸ ਕਰਵਾਏ ਅਹਿਮ ਪ੍ਰੋਜੈਕਟ ਨੂੰ ਅੱਜ ਰਸਮੀ ਤੌਰ ‘ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਅਮਨ ਅਰੋੜਾ ਨੇ ਸੁਨਾਮ ਗਰਿੱਡ ਤੋਂ ਨਮੋਲ ਰੋਡ ਵਿਖੇ ਇਸ ਪ੍ਰੋਜੈਕਟ ਦਾ ਆਗਾਜ਼ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਲਈ ਨਹਿਰੀ ਪਾਣੀ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਦੀ ਮੁਹਿੰਮ ਪੰਜਾਬ ਭਰ ਵਿੱਚ ਜੋਸ਼ੋ ਖਰੋਸ਼ ਨਾਲ ਚੱਲ ਰਹੀ ਹੈ ।

ਉਨ੍ਹਾਂ ਕਿਹਾ ਕਿ ਸੁਨਾਮ ਦੀ ਕੋਟਲਾ ਬ੍ਰਾਂਚ ਅਧੀਨ 192 ਮੋਘਿਆਂ ਦੇ ਕੱਚੇ ਖਾਲਾਂ ਦੀ ਜਗ੍ਹਾ ਅੰਡਰ ਗਰਾਊਂਡ ਪਾਈਪਲਾਈਨ ਜਾਂ ਪੱਕੇ ਖਾਲ ਬਣਾਉਣ ਲਈ 68 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰੋਜੈਕਟ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਰਾਹੀਂ ਚਲਾਇਆ ਜਾਵੇਗਾ ਅਤੇ ਪਹਿਲੇ ਪੜਾਅ ਵਜੋਂ 30 ਕਰੋੜ ਦੀ ਲਾਗਤ ਨਾਲ 85 ਮੋਘਿਆਂ ਵਿਚ ਅੰਡਰ ਗਰਾਊਂਡ ਪਾਈਪਲਾਈਨ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਅੰਦਾਜ਼ਨ 400 ਕਿਲੋਮੀਟਰ ਅੰਡਰਗਰਾਊਂਡ ਪਾਈਪ ਲਾਈਨ ਜਾਂ ਪੱਕੇ ਖਾਲ ਬਣਨ ਨਾਲ ਲਗਭਗ 26,500 ਹੈਕਟੇਅਰ ਰਕਬੇ ਨੂੰ ਬਿਹਤਰ ਸਿੰਚਾਈ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜਿਸ ਦੀ ਮਿਆਦ 31-03-2025 ਤੱਕ ਹੈ।

ਅਮਨ ਅਰੋੜਾ ਨੇ ਕਿਹਾ ਕਿ ਜ਼ਮੀਨੀ ਪਾਣੀ ਦਾ ਪੱਧਰ ਜਿੰਨੀ ਤੇਜ਼ੀ ਨਾਲ ਹਰ ਸਾਲ ਹੇਠਾਂ ਜਾ ਰਿਹਾ ਹੈ, ਉਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਨਹਿਰੀ ਪਾਣੀ ਦੀ ਵੱਧ ਵਰਤੋਂ ਕਰਨ ਲਈ ਇਹ ਪ੍ਰੋਜੈਕਟ ਬਹੁਤ ਲਾਭਦਾਇਕ ਹੋਵੇਗਾ। ਅਰੋੜਾ ਨੇ ਕਿਹਾ ਕਿ ਅੰਡਰਗਰਾਊਂਡ ਪਾਈਪ ਲਾਈਨ (Pipeline)  ਪਾਉਣ ਨਾਲ ਵਾਹੀਯੋਗ ਜ਼ਮੀਨ ਦੀ ਬੱਚਤ ਦੇ ਨਾਲ ਕਿਸਾਨ ਨੂੰ ਫਸਲ ਦੀ ਲਗਭਗ 4000 ਰੁਪਏ ਪ੍ਰਤੀ ਏਕੜ ਸਲਾਨਾ ਵਾਧੂ ਕਮਾਈ ਵੀ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਪ੍ਰੋਜੈਕਟ ਅਧੀਨ ਕਿਸਾਨਾਂ ਨੂੰ 90% ਸਬਸਿਡੀ ਦਿੰਦਿਆਂ ਕੇਵਲ 10% ਹਿੱਸਾ ਜਮਾਂ ਕਰਵਾਉਣ ਲਈ ਆਖਿਆ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਲਈ ਅਹਿਮ ਫੈਸਲੇ ਤੋਂ ਬਾਅਦ ਹੁਣ ਕਿਸਾਨਾਂ ਤੋਂ ਕੋਈ ਹਿੱਸਾ ਨਹੀਂ ਲਿਆ ਜਾ ਰਿਹਾ ਅਤੇ ਸੌ ਫ਼ੀਸਦੀ ਰਾਸ਼ੀ ਸਰਕਾਰ ਵੱਲੋਂ ਹੀ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਮੁਹਿੰਮ ਦਾ ਕਿਸਾਨਾਂ ਨੂੰ ਵਧ ਚੜ੍ਹ ਕੇ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਜਲ ਸਰੋਤ ਮੰਤਰੀ  ਗੁਰਮੀਤ ਸਿੰਘ ਮੀਤ ਹੇਅਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਭਰ ਵਿੱਚ ਸਬੰਧਤ ਵਿਭਾਗਾਂ ਦੇ ਅਧਿਕਾਰੀ ਪਿੰਡਾਂ ਵਿਚ ਕਲੱਸਟਰ ਪੱਧਰੀ ਜਾਗਰੂਕਤਾ ਕੈਂਪ ਲਗਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਕਿਸਾਨ ਨਹਿਰੀ ਪਾਣੀ ਦੀ ਵਰਤੋਂ ਬਾਰੇ ਜਾਣਕਾਰੀ ਲੈ ਕੇ ਕੁਦਰਤ ਦੇ ਅਨਮੋਲ ਸੋਮੇ ਪਾਣੀ ਦੀ ਸੁਚੱਜੀ ਸੰਭਾਲ ਵਿੱਚ ਯੋਗਦਾਨ ਪਾ ਸਕਣ।

ਇਸ ਸਮੇਂ ਐਕਸੀਅਨ ਇੰਜ: ਦਮਨਦੀਪ ਸਿੰਘ, ਐਸਡੀਓ ਗਗਨਦੀਪ ਸਿੰਘ ਤੇ ਸ਼ਾਫਿਲ ਵਿਰਕ, ਮੁਕੇਸ਼ ਜੁਨੇਜਾ, ਭਾਨੂੰ ਪ੍ਰਤਾਪ ਹਰਬੰਸ ਸਿੰਘ ਸਾਬਕਾ ਸਰਪੰਚ ਭਗਵਾਨਪੁਰਾ, ਗੁਰਤੇਜ ਸਿੰਘ ਨਿੱਕਾ ਐਮ ਸੀ, ਸੰਨੀ ਕਾਂਸਲ ਐਮ ਸੀ, ਹਰਪਾਲ ਹਾਡਾ ਐਮ ਸੀ, ਰਾਮ ਸਿੰਘ, ਬਾਬੂ ਸਿੰਘ, ਬੱਗਾ ਸਿੰਘ, ਰਾਮ ਕਿਲਾ ਭਰੀਆਂ ਸਾਮਿਲ ਸਨ।