ਚੰਡੀਗੜ੍ਹ, 11 ਜਨਵਰੀ 2025: ਹੈਦਰਾਬਾਦ ਦੀ ਨਾਮਪੱਲੀ ਅਦਾਲਤ ਨੇ ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਦੌਰਾਨ ਹੋਈ ਭਗਦੜ ਮਾਮਲੇ ‘ਚ ਸਾਊਥ ਦੇ ਅਦਾਕਾਰ ਅੱਲੂ ਅਰਜੁਨ (Allu Arjun) ਨੂੰ ਕਈ ਰਾਹਤਾਂ ਦਿੱਤੀਆਂ ਹਨ। ਉਕਤ ਮਾਮਲੇ ‘ਚ ਅਦਾਕਾਰ ਅੱਲੂ ਅਰਜੁਨ ਨੂੰ ਪਿਛਲੇ ਮਹੀਨੇ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ‘ਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਅੱਲੂ ਅਰਜੁਨ ਨੂੰ ਹਰ ਐਤਵਾਰ ਚਿੱਕੜਪੱਲੀ ਪੁਲਿਸ ਸਟੇਸ਼ਨ ਜਾਣ ਤੋਂ ਛੋਟ ਦਿੱਤੀ ਹੈ। ਉਸਦੀ ਕਾਨੂੰਨੀ ਟੀਮ ਨੇ ਸੁਰੱਖਿਆ ਕਾਰਨਾਂ ਕਰਕੇ ਅਦਾਲਤ ‘ਚ ਇਹ ਬੇਨਤੀ ਕੀਤੀ ਸੀ। ਇਸ ਤੋਂ ਇਲਾਵਾ ਉਸਨੂੰ ਵਿਦੇਸ਼ ਯਾਤਰਾ ਕਰਨ ਦੀ ਵੀ ਇਜਾਜ਼ਤ ਮਿਲ ਗਈ ਹੈ।
ਕੀ ਹੈ ਪੂਰਾ ਮਾਮਲਾ ?
ਜਿਕਰਯੋਗ ਹੈ ਕਿ 4 ਦਸੰਬਰ 2024 ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ ‘ਚ ਉਸ ਸਮੇਂ ਭਗਦੜ ਮਚ ਗਈ ਜਦੋਂ ਅੱਲੂ ਅਰਜੁਨ (Allu Arjun) ਨੂੰ ਦੇਖਣ ਲਈ ਵੱਡੀ ਭੀੜ ਇਕੱਠੀ ਹੋਈ ਸੀ। ਸਥਿਤੀ ਉਦੋਂ ਵਿਗੜ ਗਈ ਜਦੋਂ ਅਦਾਕਾਰ ਆਪਣੀ ਕਾਰ ਤੋਂ ਬਾਹਰ ਨਿਕਲਿਆ ਅਤੇ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉੱਥੇ ਹਫੜਾ-ਦਫੜੀ ਮਚ ਗਈ। ਇਸ ਘਟਨਾ ‘ਚ ਇੱਕ 35 ਸਾਲਾ ਬੀਬੀ ਦੀ ਮੌਤ ਹੋ ਗਈ ਅਤੇ ਉਸਦਾ ਅੱਠ ਸਾਲਾ ਪੁੱਤਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਅਜੇ ਵੀ ਹਸਪਤਾਲ ‘ਚ ਦਾਖਲ ਹੈ।
ਇਸ ਘਟਨਾ ਤੋਂ ਬਾਅਦ ਅੱਲੂ ਅਰਜੁਨ (Allu Arjun) ਨੂੰ 13 ਦਸੰਬਰ, 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ। ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਸਨੂੰ ਅੰਤਰਿਮ ਜ਼ਮਾਨਤ ਮਿਲ ਗਈ। ਬਾਅਦ ‘ਚ 3 ਜਨਵਰੀ, 2025 ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ‘ਚ ਪੇਸ਼ ਹੋਣ ਤੋਂ ਬਾਅਦ ਉਸਨੂੰ ਨਿਯਮਤ ਜ਼ਮਾਨਤ ਦੇ ਦਿੱਤੀ । ਇਸ ਤੋਂ ਪਹਿਲਾਂ ਅਦਾਲਤ ਨੇ ਅੱਲੂ ਅਰਜੁਨ ਨੂੰ ਅਗਲੇ ਹੁਕਮਾਂ ਤੱਕ ਹਰ ਐਤਵਾਰ ਨੂੰ ਪੁਲਿਸ ਸਟੇਸ਼ਨ ‘ਚ ਰਿਪੋਰਟ ਕਰਨ ਦਾ ਹੁਕਮ ਦਿੱਤਾ।
Read More: Game Changer Review: ਫਿਲਮ ਗੇਮ ਚੇਂਜਰ ਦੀ ਪਹਿਲੇ ਦਿਨ ਕਰੋੜਾਂ ‘ਚ ਐਡਵਾਂਸ ਬੁਕਿੰਗ, ਪੁਸ਼ਪਾ-2 ਨੂੰ ਦੇਵੇਗੀ ਮਾਤ ?