ਚੰਡੀਗੜ੍ਹ 03 ਜੂਨ 2023: ਪੰਜਾਬ ਦੇ ਫਰੀਦਕੋਟ ਦੇ ਕੋਟਕਪੂਰਾ ਸਦਰ ਥਾਣੇ ਵਿੱਚ ਐਸਪੀ ਇਨਵੈਸਟੀਗੇਸ਼ਨ ਗਗਨੇਸ਼ ਕੁਮਾਰ ਸਮੇਤ 5 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।ਤਿੰਨ ਵੱਡੇ ਪੁਲਿਸ ਅਧਿਕਾਰੀਆਂ ‘ਤੇ ਮੁਕੱਦਮਾਂ ਦਰਜ ਹੋਣ ਤੋਂ ਬਾਅਦ ਪੁਲਿਸ ਵਿਭਾਗ ਨੇ ਤਿੰਨਾਂ ਦੀ ਬਦਲੀ ਕੀਤੀ ਹੈ | ਡੀਆਈਜੀ ਫਿਰੋਜਪੁਰ ਦੇ ਨਿਰਦੇਸ਼ਾ ਤੇ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਇਨਕੁਆਰੀ ਵਿਚ ਕਥਿਤ ਦੋਸ਼ੀ ਪਾਏ ਜਾਣ ਤੋਂ ਬਾਅਦ ਫਰੀਦਕੋਟ ਪੁਲਿਸ ਦੇ ਇਕ ਐਸਪੀ, ਇਕ ਡੀਐਸਪੀ ਅਤੇ ਇਕ ਸਬ-ਇੰਸਪੈਕਟਰ ਸਮੇਤ 5 ਜਣਿਆਂ ਖ਼ਿਲਾਫ਼ ਥਾਣਾ ਸਦਰ ਕੋਟਕਪੂਰਾ ਵਿਚ ਕੇਸ ਦਰਜ ਕੀਤਾ ਹੈ |
ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਦਿੱਤੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਰੀਦਕੋਟ ਜਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਇਕ ਡੇਰੇ ਦੇ ਮਹੰਤ ਦਿਆਲ ਦਾਸ ਦੇ ਸਾਲ 2019 ਵਿਚ ਹੋਏ ਕਤਲ ਮਾਮਲੇ ਵਿਚ ਮੁਦਈ ਪੱਖ ਤੋਂ ਕਥਿਤ ਡਰਾ ਧਮਕਾ ਕੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ 20 ਲੱਖ ਰੁਪਏ ਵਸੂਲਣ ਦੇ ਮਾਮਲੇ ਵਿਚ ਬੀਤੇ ਕੱਲ੍ਹ ਫਰੀਦਕੋਟ ਪੁਲਿਸ ਨੇ ਥਾਣਾ ਸਦਰ ਕੋਟਕਪੂਰਾ ਵਿਖੇ ਫਰੀਦਕੋਟ ਦੇ ਐਸਪੀ ਗਗਨੇਸ਼ ਕੁਮਾਰ, ਡੀਐਸਪੀ ਸੁਸ਼ੀਲ ਕੁਮਾਰ ਅਤੇ ਸਬ-ਇੰਸਪੈਕਟਰ ਖੇਮ ਚੰਦ ਪਰਾਸਰ ਸਮੇਤ ਕੁੱਲ 5 ਜਣਿਆਂ ਖਿਲਾਫ ਮੁਕੱਦਮਾਂ ਨੰਬਰ 64 ਦਰਜ ਕੀਤਾ ਗਿਆ ਸੀ। ਜਿਸ ਸੰਬੰਧੀ ਅੱਜ ਜਾਣਕਾਰੀ ਦਿੰਦਿਆ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜਦ ਤਿੰਨਾਂ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਕਿਸੇ ਦੀ ਵੀ ਗ੍ਰਿਫਤਾਰੀ ਸੰਬੰਧੀ ਹਾਲੇ ਕੁਝ ਵੀ ਸਾਫ ਨਹੀਂ ਹੋ ਸਕਿਆ।
ਕੀ ਹੈ ਪੂਰਾ ਮਾਮਲਾ?
ਮਾਮਲਾ ਸਾਲ 2019 ਦਾ ਹੈ ਜਦੋਂ 9 ਨਵੰਬਰ ਨੂੰ ਫਰੀਦਕੋਟ ਜਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਆਲ ਦਾਸ ਦਾ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਡੇਰੇ ਅੰਦਰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵਿਭਾਗ ਵੱਲੋਂ ਕਤਲ ਦੀਆਂ ਧਰਾਵਾਂ ਤਹਿਤ ਮੁਕੱਦਮਾਂ ਦਰਜ ਕੀਤਾ ਗਿਆ ਸੀ ਅਤੇ ਉਸ ਵਕਤ ਬਣੀ ਵਿਸੇਸ ਜਾਂਚ ਟੀਮ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਬਾਬਾ ਦਿਆਲ ਦਾਸ ਦਾ ਡੇਰੇ ਦੀ ਗੱਦੀ ਨੂੰ ਲੇ ਕੇ ਉਹਨਾਂ ਦੇ ਹੀ ਚੇਲੇ ਸੰਤ ਜਰਨੈਲ ਦਾਸ ਕਪੂਰੇ ਵਾਲੇ ਜਿਲ੍ਹਾ ਮੋਗਾ ਨੇ ਕਰਵਾਇਆ ਹੈ।
ਇਸ ਦੌਰਾਨ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਨੌਜਵਾਨ ਫੜ੍ਹੇ ਗਏ ਸਨ ਪਰ ਇਸ ਮਾਮਲੇ ਵਿਚ ਮੁੱਖ ਦੋਸ਼ੀ ਐਲਾਨੇ ਗਏ ਸੰਤ ਜਰਨੈਲ ਦਾਸ ਕਪੂਰੇ ਵਾਲਿਆ ਦੀ ਗ੍ਰਿਫਤਾਰੀ ਨਹੀਂ ਹੋਈ ਸੀ । ਸੰਤ ਜਰਨੈਲ ਦਾਸ ਵੱਲੋਂ ਖੁਦ ਨੂੰ ਬੇਗੁਨਾਹ ਦੱਸਦਿਆਂ ਤਤਕਾਲੀ ਡੀਆਈਜੀ ਫਰੀਦਕੋਟ ਨੂੰ ਇਨਕੁਆਰੀ ਲਈ ਦਰਖ਼ਾਸਤ ਦਿੱਤੀ ਗਈ ਸੀ, ਜਿਸ ਦੀ ਜਾਂਚ ਮੋਗਾ ਦੇ ਇਕ ਡੀਐਸਪੀ ਵੱਲੋਂ ਕੀਤੀ ਗਈ ਸੀ | ਜਿਸ ਵਿਚ ਸੰਤ ਜਰਨੈਲ ਦਾਸ ਨੂੰ ਨਿਰਦੋਸ਼ ਸਾਬਤ ਕੀਤਾ ਗਿਆ ਸੀ |
ਜਦੋਂ ਮੁਦਈ ਪੱਖ ਦੇ ਸੰਤ ਬਾਬਾ ਗਗਨ ਦਾਸ ਨੂੰ ਪਤਾ ਲੱਗਿਆ ਤਾਂ ਉਹਨਾਂ ਮੁੜ ਪੁਲਿਸ ਦੇ ਉੱਚ ਅਧਿਕਾਰੀਆ ਅਤੇ ਪੰਜਾਬ ਸਰਕਾਰ ਰਾਹੀਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਸੀ, ਜਿਸ ਤੇ ਆਈਜੀ ਫਰੀਦਕੋਟ ਵੱਲੋਂ ਮਾਮਲੇ ਦੀ ਜਾਂਚ ਲਈ 4 ਮੈਂਬਰੀ ਵਿਸ਼ੇਸ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ | ਜਿਸ ਵਿਚ ਐਸਪੀ(ਡੀ) ਫਰੀਦਕੋਟ ਗਗਨੇਸ਼ ਕੁਮਾਰ, ਡੀਐਸਪੀ ਪੀਬੀਆਈ ਫਰੀਦਕੋਟ ਸ਼ੁਸ਼ੀਲ ਕੁਮਾਰ, ਡੀਐਸਪੀ ਬਾਘਾਪੁਰਾਣਾਂ ਜਸਜੋਤ ਸਿੰਘ ਅਤੇ ਐਸਆਈ ਖੇਮ ਚੰਦ ਪਰਾਸਰ ਨੂੰ ਮੈਂਬਰ ਬਣਾਇਆ ਗਿਆ ਸੀ।
ਇਸ ਐਸਆਈਟੀ ਦੇ 4 ਮੈਂਬਰਾਂ ਵਿਚੋਂ 3 ਮੈਂਬਰਾਂ ਅਤੇ 2 ਉਹਨਾਂ ਦੇ ਸਹਿਯੋਗੀ ਪ੍ਰਾਈਵੇਟ ਬੰਦਿਆ ‘ਤੇ ਬਾਬਾ ਗਗਨ ਦਾਸ ਨੇ ਦੋਸ਼ ਲਾਗਏ ਸਨ ਕਿ ਉਹਨਾਂ ਨੇ ਜਾਂਚ ਦੌਰਾਨ ਉਹਨਾਂ ਤੋਂ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ | ਜਿਸ ਦੀ 35 ਲੱਖ ਰੁਪਏ ਵਿਚ ਐਡਜਸਟਮੈਂਟ 2 ਪ੍ਰਾਈਵੇਟ ਬੰਦਿਆ ਨੇ ਕਰਵਾਈ ਸੀ ਅਤੇ 20 ਲੱਖ ਰੁਪਏ ਐਸਆਈਟੀ ਦੇ 3 ਮੈਂਬਰਾਂ ਨੇ ਆਪਣੇ ਸਾਥੀ 2 ਪ੍ਰਾਈਵੇਟ ਬੰਦਿਆ ਦੇ ਸਾਹਮਣੇ ਵਸੂਲ ਲਏ ਸਨ ਅਤੇ ਬਾਕੀ ਪੈਸਿਆ ਲਈ ਦਬਾਅ ਪਾਇਆ ਜਾ ਰਿਹਾ ਸੀ ।
ਆਪਣੇ ਇਹਨਾਂ ਦੋਸ਼ਾ ਸੰਬੰਧੀ ਬਾਬਾ ਗਗਨ ਦਾਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣਾਂ ਇਕ ਹਲਫੀਆ ਬਿਆਨ ਦੇ ਕੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਇਨਕੁਆਰੀ ਡੀਆਈਜੀ ਫਿਰੋਜਪੁਰ ਰੇਂਜ ਵੱਲੋਂ ਕੀਤੀ ਗਈ ਸੀ, ਜਿਸ ਦੇ ਚੱਲਦੇ ਬੀਤੇ ਕੱਲ੍ਹ ਫਰੀਦਕੋਟ ਵਿਖੇ ਆ ਕੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਤਿੰਨਾਂ ਪੁਲਿਸ ਅਧਿਕਾਰੀਆ ਤੋਂ ਪੁੱਛਗਿੱਛ ਕੀਤੀ ਸੀ ਅਤੇ ਪੁੱਛਗਿੱਛ ਤੋਂ ਬਾਅਦ ਬੇਸ਼ੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ ਪਰ ਸ਼ਾਮ ਕਰੀਬ 4 ਵਜੇ ਫਰੀਦਕੋਟ ਪੁਲਿਸ ਵੱਲੋਂ ਡੀਆਈਜੀ ਫਿਰੋਜਪੁਰ ਰੇਂਜ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਦੇ ਅਧਾਰ ਤੇ ਤਿੰਨਾਂ ਪੁਲਿਸ ਅਧਿਕਾਰੀਆਂ ਅਤੇ ਉਹਨਾਂ ਦੇ ਦੋ ਪ੍ਰਾਈਵੇਟ ਸਾਥੀਆਂ ਸਮੇਤ 5 ਜਣਿਆਂ ‘ਤੇ ਕੇਸ ਨੰਬਰ 64 ਥਾਣਾ ਸਦਰ ਕੋਟਕਪੂਰਾ ਵਿਖੇ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਮੁਕੱਦਮਾਂ ਦਰਜ ਕੀਤੇ ਜਾਣ ਤੋਂ ਪਹਿਲਾਂ ਜਾਂ ਬਾਅਦ ਵਿਚ ਹਾਲੇ ਤੱਕ ਇਹ ਸਾਫ ਨਹੀਂ ਕੀਤਾ ਗਿਆ ਕਿ ਇਸ ਮਾਮਲੇ ਵਿਚ ਨਾਮਜਦ ਤਿੰਨਾਂ ਪੁਲਿਸ ਅਧਿਕਾਰੀਆਂ ਜਾਂ ਪ੍ਰਾਈਵੇਟ ਬੰਦਿਆ ਵਿਚੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਜਾ ਨਹੀਂ।