July 7, 2024 11:32 am
ਜਥੇਦਾਰ ਦਾਦੂਵਾਲ

ਸਮੂਹ ਸ਼ਹੀਦਾਂ ਦੀ ਕੁਰਬਾਨੀ ਦੇ ਸਾਰੇ ਦੇਸ਼ ਵਾਸੀ ਹਮੇਸ਼ਾ ਕਰਜ਼ਾਈ ਰਹਿਣਗੇ: ਜਥੇਦਾਰ ਦਾਦੂਵਾਲ

ਚੰਡੀਗੜ੍ਹ 15 ਅਗਸਤ 2022: ਦੇਸ਼ ਭਰ ‘ਚ ਅੱਜ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ | ਇਸ ਦੌਰਾਨ ਜਥੇਦਾਰ ਦਾਦੂਵਾਲ ਨੇ ਕਿਹਾ ਕਿ ਦੇਸ਼ ਤੇ ਕਬਜ਼ਾ ਕਰਨ ਲਈ ਕਦੇ ਮੁਗ਼ਲ ਕਦੇ ਅੰਗਰੇਜ਼ ਚੜ੍ਹਾਈ ਕਰਕੇ ਆਏ, ਜਿਨਾਂ ਦੇ ਦੰਦ ਖੱਟੇ ਕਰ ਕੇ ਲੋਹੇ ਦੇ ਚਨੇ ਚਬਾ ਕੇ ਸਿੱਖ ਸਰਦਾਰਾਂ ਨੇ ਵਾਪਸ ਮੋੜਿਆ ਅਤੇ ਦੇਸ਼ ਦੀ ਆਜ਼ਾਦੀ ਕਰਵਾਈ ਦੇਸ਼ ਕੌਮ ਧਰਮ ਵਾਸਤੇ ਸਿੱਖ ਸਰਦਾਰਾਂ ਨੇ ਹਮੇਸ਼ਾਂ ਸ਼ਹਾਦਤਾਂ ਦਾ ਜਾਮ ਪੀਤਾ।

ਸਮੂਹ ਸ਼ਹੀਦਾਂ ਦੀ ਕੁਰਬਾਨੀ ਦੇ ਅਸੀਂ ਸਾਰੇ ਹਮੇਸ਼ਾ ਕਰਜ਼ਾਈ ਰਹਾਂਗੇ। ਇਸੇ ਲਈ ਅਸੀਂ ਸਾਰੇ ਆਪਣੇ ਦੇਸ਼ ਕੌਮ ਧਰਮ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਦੇਸ਼ ਕੌਮ ਧਰਮ ਲਈ ਸ਼ਹੀਦ ਹੋਏ ਸਮੂੰਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਪਾਣੀਪਤ ਵਿਖੇ ਸੰਬੋਧਨ ਕਰਦਿਆਂ ਕੀਤਾ।

ਜਥੇਦਾਰ ਦਾਦੂਵਾਲ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਇਕ ਲਿਖਤੀ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਪਾਣੀਪਤ ਦੀ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਗਤਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਕੀਤਾ ਗਿਆ ਸੀ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਣੀਪਤ ਸ਼ਹਿਰ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਇਸ ਸਮੇਂ ਪਾਨੀਪਤ ਦੀਆਂ ਬੀਬੀਆਂ ਦੇ ਜਥੇ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਭਾਈ ਗੁਰਸੇਵਕ ਸਿੰਘ ਰੰਗੀਲਾ ਹਜੂਰੀ ਰਾਗੀ ਜਥਾ ਗੁਰਦੁਆਰਾ ਦਾਦੂ ਸਾਹਿਬ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।

ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹੀ ਪਹਿਲੀ ਦੇ ਵਿਸੇਸ਼ ਸੱਦੇ ਤੇ ਸਮਾਗਮ ਵਿੱਚ ਪੁੱਜੇ ਜਥੇਦਾਰ ਦਾਦੂਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰਬਾਣੀ ਅਤੇ ਇਤਿਹਾਸ ਤੇ ਬੀਰਰਸ਼ ਵਿੱਚ ਭਰਪੂਰ ਚਾਨਣਾ ਪਾਇਆ ਅਤੇ ਸਿੱਖ ਸੰਗਤਾਂ ਨੇ ਚੜਦੀਕਲਾ ਦੇ ਜੈਕਾਰੇ ਲਗਾਏ, ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਿਆ ਸਮਾਗਮ ਦੀ ਸਮਾਪਤੀ ਉਪਰੰਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਭਾਈ ਮਲਕੀਤ ਸਿੰਘ ਗੁਰਾਇਆ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਚੇਅਰਮੈਨ ਕਸ਼ਮੀਰ ਸਿੰਘ ਕਾਹਲੋਂ,ਸਾਬਕਾ ਪ੍ਰਧਾਨ ਭਾਈ ਸੁਖਦੇਵ ਸਿੰਘ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਸਿੱਖ ਸੰਗਤਾਂ ਵੱਲੋਂ ਜਥੇਦਾਰ ਦਾਦੂਵਾਲ ਜੀ,ਭਾਈ ਨਿਰਵੈਰ ਸਿੰਘ ਆਂਟਾ ਅੰਤ੍ਰਿੰਗ ਮੈਂਬਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਹੰਗ ਸਿੰਘ ਬਾਬਾ ਜੋਗਾ ਸਿੰਘ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਹੋਰ ਆਏ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਜਥੇਦਾਰ ਦਾਦੂਵਾਲ ਨੇ ਪਾਣੀਪਤ ਦੀਆਂ ਸੰਗਤਾਂ ਵੱਲੋਂ ਭਾਈ ਮਲਕੀਤ ਸਿੰਘ ਗੁਰਾਇਆ ਨੂੰ ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੇ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਗੁਰੂ ਘਰ ਦੇ ਪ੍ਰਬੰਧ ਚਲਦੀ ਕਾਰ ਸੇਵਾ ਵਿੱਚ ਉਨਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।