ਪਟਿਆਲਾ, 29 ਜਨਵਰੀ 2024: 2 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੇ ਪਟਿਆਲਾ ਹੈਰੀਟੇਜ ਮੇਲੇ (Patiala Heritage Mela) ਦੀਆਂ ਤਿਆਰੀਆਂ ਜੋਰਾਂ ‘ਤੇ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਮੇਲੇ ਦੇ ਇੰਚਾਰਜ ਏ.ਡੀ.ਸੀ. ਅਨੁਪ੍ਰਿਤਾ ਜੌਹਲ ਤੇ ਵੱਖ-ਵੱਖ ਪ੍ਰੋਗਰਾਮਾਂ ਦੇ ਨੋਡਲ ਅਧਿਕਾਰੀਆਂ ਨਾਲ ਇੱਕ ਬੈਠਕ ਕਰਕੇ ਜਰੂਰੀ ਨਿਰਦੇਸ਼ ਜਾਰੀ ਕੀਤੇ।
ਸਮੂਹ ਪੰਜਾਬੀਆਂ ਤੇ ਖਾਸ ਕਰਕੇ ਪਟਿਆਲਵੀਆਂ ਨੂੰ ਇਨ੍ਹਾਂ ਸਮਾਗਮਾਂ (Patiala Heritage Mela) ਦਾ ਆਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਸਹੀ ਅਰਥਾਂ ਵਿੱਚ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਉਠਾਇਆ ਗਿਆ ਹੈ, ਇਸ ਲਈ ਰਾਜ ਭਰ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀ ਵਿਰਾਸਤ ਨੂੰ ਉਭਾਰਨ ਲਈ ਹੈਰੀਟੇਜ ਫੈਸਟੀਵਲ ਕਰਵਾਏ ਜਾ ਰਹੇ ਹਨ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ 2 ਫਰਵਰੀ ਨੂੰ ਸਵੇਰੇ ਖਾਲਸਾ ਕਾਲਜ ਵਿਖੇ ਪਟਿਆਲਾ ਲਿਟਰੇਚਰ ਤੇ ਮਿਲਟਰੀ ਲਿਟਰੇਚਰ ਫੈਸਟੀਵਲ ਸ਼ੁਰੂ ਹੋਵੇਗਾ ਅਤੇ ਸ਼ਾਮ ਨੂੰ ਕਿਲ੍ਹਾ ਮੁਬਾਰਕ ਵਿਖੇ ਸ਼ਾਸ਼ਤਰੀ ਸੰਗੀਤ ਦੀ ਸ਼ਾਮ ਵਿੱਚ ਪਟਿਆਲਾ ਵਿਖੇ ਪਹਿਲੀ ਵਾਰ ਭਾਰਤੀ ਕਲਾ ਕੇਂਦਰ ਵੱਲੋਂ ਮੀਰਾ ‘ਤੇ ਅਧਾਰਤ ਸ਼ਾਸਤਰੀ ਨਾਚ ਬੈਲੇ ਹੋਵੇਗਾ ਅਤੇ ਪੰਡਿਤ ਸੁਭੇਂਦਰ ਰਾਓ ਅਤੇ ਸਸਕਿਆ ਰਾਓ ਵੱਲੋਂ ਸਿਤਾਰ ਅਤੇ ਸੈਲੋ ਵਾਦਨ ਦੀ ਪੇਸ਼ਕਾਰੀ ਦਿੱਤੀ ਜਾਵੇਗੀ। 3 ਫਰਵਰੀ ਨੂੰ ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਸ਼ਾਨਦਾਰ ਪ੍ਰੋਗਰਾਮਾਂ ਅਤੇ ਸ਼ਾਮ 6 ਵਜੇ ਗਵਾਲੀਅਰ ਘਰਾਣੇ ਦੇ ਪੰਡਿਤ ਲਕਸ਼ਮਣ ਕ੍ਰਿਸ਼ਨਾ ਰਾਓ ਅਤੇ ਮੀਤਾ ਪੰਡਿਤ ਵੱਲੋਂ ਸ਼ਾਸਤਰੀ ਗਾਇਨ ਹੋਵੇਗਾ ਅਤੇ ਨਜ਼ੀਰ ਅਹਿਮਦ ਕਵਾਲ ਵੱਲੋਂ ਨਾਤੀਆ ਕਵਾਲੀ ਗਾਇਨ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 4 ਫਰਵਰੀ ਨੂੰ ਸਵੇਰੇ 10 ਵਜੇ ਬਾਰਾਂਦਰੀ ਬਾਗ ਵਿਖੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਬਾਰਦਰੀ ਗਾਰਡਨ ਵਾਕ ਕਰਵਾਈ ਜਾਵੇਗੀ। ਇੱਥੇ ਪਟਿਆਲਾ ਸਵੈ ਸਹਾਇਤਾ ਗਰੁੱਪਾਂ ਦੀ ਦਸਤਕਾਰੀ ਦੀ ਨੁਮਾਇਸ਼, ਫੂਡ ਫੈਸਟੀਵਲ ਵਿੱਚ ਪਟਿਆਲਾ ਦੇ ਵਿਰਾਸਤੀ ਖਾਣੇ ਉਪਲਬੱਧ ਹੋਣਗੇ। ਇਸੇ ਸ਼ਾਮ 6 ਵਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਦਾ ਪੌਪ ਸ਼ੋਅ ਹੋਵੇਗਾ। ਜਦਕਿ 10 ਫਰਵਰੀ ਨੂੰ ਹੈਰੀਟੇਜ ਵਾਕ ਤਹਿਤ ਕਿਲਾ ਮੁਬਾਰਕ ਵਿਖੇ ਵਿਰਾਸਤੀ ਸੈਰ ਅਤੇ ਪਟਿਆਲਾ ਹੈਰੀਟੇਜ ਉਤਸਵ ਦੇ ਅਖੀਰ ਵਿੱਚ 11 ਫਰਵਰੀ ਨੂੰ ਪੋਲੋ ਗਰਾਊਂਡ ਵਿਖੇ ਪਟਿਆਲਾ ਕੈਨਲ ਕਲੱਬ ਵੱਲੋਂ 60ਵੇਂ ਤੇ 61ਵੇਂ ਆਲ ਬਰੀਡ ਚੈਂਪਅਨਸ਼ਿਪ ਤਹਿਤ ਡਾਗ ਸ਼ੋਅ ਕਰਵਾਇਆ ਜਾਵੇਗਾ।