ਚੰਡੀਗੜ੍ਹ 20 ਜੁਲਾਈ 2022: ਬਟਾਲਾ ਪੁਲਿਸ (Batala Police)ਨੇ ਵੱਡੀ ਕਾਰਵਾਈ ਕਰਦਿਆਂ ਇੱਕ ਪਵਨ ਕੁਮਾਰ ਨਾਮ ਦੇ ਚੋਰ ਕੋਲੋ ਇੱਕ ਏਕੇ-56 ਰਾਈਫਲ ਬਰਾਮਦ ਕੀਤੀ ਹੈ। ਦਰਅਸਲ ਬਟਾਲਾ ਪੁਲਿਸ ਵੱਲੋਂ ਇਕ ਪਵਨ ਨਾਮ ਦਾ ਚੋਰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਪੁਲਿਸ ਉਸ ਦੇ ਕੋਲੋਂ ਚੋਰੀ ਦੇ ਮਾਮਲੇ ਵਿਚ ਪੁਛਗਿੱਛ ਕਰ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਕੋਲ ਇੱਕ Ak-56 ਰਾਈਫਲ ਪਈ ਹੋਈ ਹੈ।
ਪੁਲਿਸ ਨੇ ਜਦੋਂ ਸਖ਼ਤੀ ਦੇ ਨਾਲ ਚੋਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਰਾਈਫਲ ਕਾਰ ਵਾਸ਼ਿੰਗ ਸੇਂਟਰ ਦੇ ਮਾਲਕ ਦੀਪ ਰਾਜ ਦੇ ਘਰ ਤੋਂ ਚੋਰੀ ਕੀਤੀ ਹੈ। ਪੁਲਿਸ ਨੇ ਪਵਨ ਕੁਮਾਰ ਵੱਲੋਂ ਲੁਕਾ ਕੇ ਰਖੀ ਗਈ Ak-56 ਰਾਈਫਲ ਬਰਾਮਦ ਕਰ ਲਈ ਹੈ । ਇਸ ਮਾਮਲੇ ਵਿਚ ਪੁਲਿਸ ਨੇ ਕਾਰ ਵਾਸ਼ਿੰਗ ਸੇਂਟਰ ਦੇ ਮਾਲਕ ਦੀਪ ਰਾਜ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਇਹ ਰਾਈਫ਼ਲ ਉਸ ਨੂੰ ਪੁਲਿਸ ਨੌਕਰੀ ਤੋਂ ਬਰਖ਼ਾਸਤ ਅਤੇ ਇਸ ਵਕਤ ਜੇਲ ਵਿੱਚ ਬੰਦ ਇੰਸਪੈਕਟਰ ਨਾਰੰਗ ਸਿੰਘ ਨੇ ਰੱਖਣ ਲਈ ਦਿੱਤੀ ਸੀ।
ਪੁਲਿਸ ਅਦਾਲਤ ਰਾਹੀਂ ਜੇਲ੍ਹ ਵਿਚ ਬੰਦ ਇੰਸਪੈਕਟਰ ਨਾਰੰਗ ਸਿੰਘ ਦੇ ਕੋਲੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ ਇੰਸਪੈਕਟਰ ਨਾਰੰਗ ਸਿੰਘ ਨੂੰ ਅਦਾਲਤ ਵੱਲੋਂ 2018 ਦੇ ਵਿਚ ਪੁਲਿਸ ਹਿਰਾਸਤ ਦੌਰਾਨ ਹੋਈਆਂ ਮੌਤਾਂ ਲਈ ਸਜਾ ਸੁਣਾਈ ਸੀ, ਜੋ ਇਸ ਵਕਤ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।