Site icon TheUnmute.com

ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਸ਼ੁਰੂ ਹੋਈਆਂ ਹਵਾਈ ਜਹਾਜ਼ਾਂ ਦੀਆਂ ਉਡਾਣਾਂ

Bathinda Civil Airport

ਬਠਿੰਡਾ, 09 ਅਕਤੂਬਰ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਯਤਨਾਂ ਸਦਕਾ ਅੱਜ ਇੱਥੋਂ ਦਿੱਲੀ-ਬਠਿੰਡਾ ਵਿਚਕਾਰ ਸ਼ੁਰੂ ਹੋਈ ਦੁਬਾਰਾ ਹਵਾਈ ਯਾਤਰਾ ਨਾਲ ਬਠਿੰਡਾ ਦੇ ਨਾਲ ਲਗਦੇ ਕਈ ਜ਼ਿਲ੍ਹਿਆਂ ਤੋਂ ਇਲਾਵਾ ਗੁਆਂਢੀ ਸੂਬੇ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਵੱਡਾ ਫਾਇਦਾ ਹੋਵੇਗਾ। ਇਸ ਨਾਲ ਜਿੱਥੇ ਉਨ੍ਹਾਂ ਨੂੰ ਆਉਣਾ-ਜਾਣਾ ਸੁਖਾਲਾ ਹੋਵੇਗਾ ਉੱਥੇ ਹੀ ਉਨ੍ਹਾਂ ਦੇ ਕੀਮਤੀ ਸਮੇਂ ਦੀ ਵੀ ਬੱਚਤ ਹੋਵੇਗੀ।

ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਸਿਵਲ ਏਅਰਪੋਰਟ ਵਿਰਕ ਕਲਾਂ (ਬਠਿੰਡਾ) (Bathinda Civil Airport) ਵਿਖੇ “ਉਡਾਨ ਸਕੀਮ” ਤਹਿਤ ਬਠਿੰਡਾ-ਦਿੱਲੀ ਵਿਚਕਾਰ ਆਉਣ-ਜਾਣ ਵਾਲੀਆਂ ਹਵਾਈ ਉਡਾਣਾ ਦੀ ਸ਼ੁਰੂਆਤ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਉਡਾਣਾਂ ਹਫ਼ਤੇ ‘ਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਚੱਲਣਗੀਆਂ।

ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਯਤਨਾਂ ਸਦਕਾ ਇਨ੍ਹਾਂ ਫਲਾਇਟਾਂ ਨੂੰ ਤਿੰਨ ਦਿਨਾਂ ਤੋਂ ਵੱਧਾ ਕੇ ਹਫ਼ਤੇ ਦੇ 5 ਦਿਨ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਵਿੱਖ ਵਿੱਚ ਇੱਥੋ ਜੰਮੂ ਅਤੇ ਕਸ਼ਮੀਰ ਤੋਂ ਇਲਾਵਾ ਹੋਰਨਾਂ ਰਾਜਾਂ ਨੂੰ ਵੀ ਹਵਾਈ ਸੇਵਾਵਾਂ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸ. ਖੁੱਡੀਆਂ ਨੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬਠਿੰਡਾ ਮਾਲਵੇ ਦੇ ਹੱਬ ਵਜੋਂ ਉਭਰ ਰਿਹਾ ਹੈ ਇੱਥੇ ਏਮਜ਼, ਫਰਟੀਲਾਇਜ਼ਰ, ਰਿਫਾਇਨਰੀ, ਬਠਿੰਡਾ ਕੈਂਟ ਅਤੇ ਆਸ-ਪਾਸ ਕਈ ਯੂਨੀਵਰਸਿਟੀਆਂ ਤੋਂ ਇਲਾਵਾ ਵਿਦੇਸ਼ਾਂ ਤੋਂ ਆਉਣ-ਜਾਣ ਵਾਲੇ ਯਾਤਰੀਆਂ ਨੂੰ ਇਨ੍ਹਾਂ ਫਲਾਇਟਾਂ ਵੱਡਾ ਲਾਭ ਮਿਲੇਗਾ।

ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਰੋਨਾ ਕਾਲ ਤੋਂ ਬਾਅਦ ਅੱਜ ਇਹ ਫਲਾਇਟਾਂ ਮੁੜ ਤੋਂ ਸ਼ੁਰੂ ਹੋਈਆਂ ਹਨ, ਜਿਨ੍ਹਾਂ ਲਈ ਤੁਸੀ ਸਾਰੇ ਵਧਾਈ ਦੇ ਪਾਤਰ ਹੋ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਦੁਹਰਾਇਆ ਕਿ ਕੇਂਦਰ ਤੇ ਸੂਬਾ ਸਰਕਾਰ ਦੇ ਯਤਨਾਂ ਸਦਕਾ ਇਨ੍ਹਾਂ ਫਲਾਇਟਾਂ ਨੂੰ ਹਫ਼ਤੇ ਚ ਤਿੰਨ ਦਿਨਾਂ ਤੋਂ ਵੱਧਾ ਕੇ ਹਫ਼ਤੇ ਦੇ 5 ਦਿਨ ਕਰਨ ਦੇ ਹਰ ਸੰਭਵ ਯਤਨ ਕੀਤੇ ਜਾਣਗੇ।

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹ ਏਅਰਪੋਰਟ (Bathinda Civil Airport) ਇਸ ਮਕਸਦ ਨਾਲ ਬਣਾਇਆ ਗਿਆ ਸੀ ਕਿ ਤਾਂ ਕਿ ਕੋਈ ਵੀ ਉਦਯੋਗਪਤੀ ਅਤੇ ਵਪਾਰੀ ਦਿੱਲੀ ਤੋਂ ਬਠਿੰਡਾ ਜਾਂ ਬਠਿੰਡਾ ਤੋਂ ਦਿੱਲੀ ਤੱਕ ਜਾਣ ਵਾਲੇ ਯਾਤਰੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਇਹ ਫਲਾਇਟਾਂ ਉਦਯੋਗ ਤੇ ਵਪਾਰ ਨੂੰ ਪ੍ਰਫੁੱਲਿਤ ਕਰਨ ਚ ਸਹਾਈ ਸਿੱਧ ਹੋਣਗੀਆਂ ਅਤੇ ਇਨ੍ਹਾਂ ਨਾਲ ਉਦਯੋਗ ਖੇਤਰ ਨੂੰ ਹੁਲਾਰਾ ਮਿਲੇਗਾ।

ਇਸ ਤੋਂ ਪਹਿਲਾਂ ਦਿੱਲੀ ਤੋਂ ਬਠਿੰਡਾ ਪੁੱਜੀ ਪਹਿਲੀ ਉਡਾਣ ਚ ਸ਼ਾਮਲ 10 ਯਾਤਰੀਆਂ ਅਤੇ ਬਠਿੰਡਾ ਤੋਂ ਦਿੱਲੀ ਜਾਣ ਵਾਲੇ ਪਹਿਲੇ 14 ਯਾਤਰੀਆਂ ਦਾ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਤੇ ਸਾਬਕਾ ਕੇਂਦਰੀ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਭਰਵਾਂ ਸਵਾਗਤ ਕੀਤਾ।

ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਤੇ ਸਿਵਲ ਏਅਰਪੋਰਟ ਵਿਰਕ ਕਲਾਂ (ਬਠਿੰਡਾ) ਦੇ ਡਾਇਰੈਕਟਰ ਦਵਿੰਦਰ ਪ੍ਰਸਾਦ ਨੇ ਬਠਿੰਡਾ ਤੋਂ ਦਿੱਲੀ ਲਈ ਰਵਾਨਾ ਹੋਣ ਵਾਲੀ ਫਲਾਇਟ ਦੇ ਪਹਿਲੇ ਯਾਤਰੀ ਪ੍ਰਣਵ ਕਨੋਡੀਆ ਦਾ ਸਵਾਗਤ ਕਰਦਿਆਂ ਉਸ ਕੋਲੋਂ ਕੇਕ ਵੀ ਕਟਵਾਇਆ।

ਇਸ ਦੌਰਾਨ ਸਿਵਲ ਏਅਰਪੋਰਟ ਵਿਰਕ ਕਲਾਂ (ਬਠਿੰਡਾ) ਦੇ ਡਾਇਰੈਕਟਰ ਸ਼੍ਰੀ ਦਵਿੰਦਰ ਪ੍ਰਸਾਦ ਨੇ ਆਉਣ-ਜਾਣ ਵਾਲੀਆਂ ਫਲਾਇਟਾਂ ਦੀ ਸਮਾਂ ਸਾਰਨੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਫ਼ਤੇ ਚ ਤਿੰਨ ਦਿਨ ਹਰੇਕ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਇਹ ਫਲਾਇਟ ਦਿੱਲੀ ਤੋਂ 11:40 ਏਐਮ ਤੇ ਚੱਲੇਗੀ ਜੋ ਕਿ ਬਠਿੰਡਾ ਵਿਖੇ ਦੁਪਿਹਰ 1:00 ਪੀਐਮ ਤੇ ਪਹੁੰਚੇਗੀ। ਇਸੇ ਤਰ੍ਹਾਂ ਬਠਿੰਡਾ ਤੋਂ 1:25 ਪੀਐਮ ਵਜੇ ਚੱਲੇਗੀ ਜੋ ਕਿ ਦਿੱਲੀ ਵਿਖੇ 2:30 ਪੀਐਮ ਤੇ ਪਹੁੰਚੇਗੀ।

ਇਸ ਦੌਰਾਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਅੰਮ੍ਰਿਤਲਾਲ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਲਵਜੀਤ ਕਲਸੀ, ਮੈਂਬਰ ਸਲਾਹਕਾਰ ਕਮੇਟੀ ਸਿਵਲ ਏਅਰਪੋਰਟ ਡਾ. ਗੁਰਚਰਨ ਸਿੰਘ ਵਿਰਕ ਕਲਾਂ, ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਤੋਂ ਇਲਾਵਾ ਏਅਰਪੋਰਟ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਆਦਿ ਹਾਜ਼ਰ ਸਨ।

 

Exit mobile version