July 5, 2024 9:28 pm

ਏਅਰ ਇੰਡੀਆ ਦੀ ਭਾਰਤ ਤੋਂ ਰੋਮ ਦੀਆਂ ਉਡਾਣਾ ਕੱਲ੍ਹ ਤੋਂ ਸ਼ੁਰੂ

ਚੰਡੀਗੜ੍ਹ, 6 ਸਤੰਬਰ 2021: ਇਟਲੀ ਤੋਂ ਭਾਰਤ ਗਏ ਲੋਕਾਂ ਲਈ ਖੁਸ਼ਖਬਰੀ ਹੈ ਕਿ ਇਟਲੀ ਨੇ ਉਡਾਣਾਂ ‘ਤੇ ਲਾਈ ਪਾਬੰਦੀ ਪਹਿਲੀ ਸਤੰਬਰ ਤੋਂ ਹਟਾ ਦਿੱਤੀ ਹੈ ਜਿਸ ਨਾਲ ਇਟਲੀ ਤੋਂ ਭਾਰਤ ਗਏ ਵਿਅਕਤੀਆਂ ਨੇ ਸੁੱਖ ਦਾ ਸਾਹ ਲਿਆ ਹੈ।

 

ਇਸ ਸਬੰਧੀ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਯੂਕੇ ਤੋਂ ਬਾਅਦ, ਹੁਣ ਇਟਲੀ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਲਈ ਚੰਗੀ ਖਬਰ ਹੈ।

 

ਏਅਰ ਇੰਡੀਆ ਵੱਲੋਂ 8 ਸਤੰਬਰ ਤੋਂ ਵਿਸ਼ਵ ਦੇ ਇਤਿਹਾਸਕ ਸ਼ਹਿਰਾਂ, ਅੰਮ੍ਰਿਤਸਰ ਅਤੇ ਰੋਮ ਵਿਚਕਾਰ ਹਰ ਹਫਤੇ ਇਕ ਸਿੱਧੀ ਉਡਾਣ ਮੁੜ ਸ਼ੁਰੂ ਕੀਤੀ ਜਾ ਰਹੀ ਹੈ। ਏਅਰ ਇੰਡੀਆ ਦੀ ਉਡਾਣ ਏਆਈ123 ਹਰ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3:55 ਵਜੇ ਉਡਾਣ ਭਰੇਗੀ ਅਤੇ ਉਸੇ ਦਿਨ ਰਾਤ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਨੂੰ 8:20 ਵਜੇ ਰੋਮ ਪਹੁੰਚੇਗੀ।

 

ਵਾਪਸੀ ਦੀ ਉਡਾਣ ਏਆਈ122 ਅਗਲੇ ਦਿਨ ਵੀਰਵਾਰ ਨੂੰ ਸ਼ਾਮ 7:00 ਵਜੇ ਰੋਮ ਤੋਂ ਰਵਾਨਾ ਹੋਵੇਗੀ ਅਤੇ ਸ਼ੁੱਕਰਵਾਰ ਸਵੇਰੇ 5:35 ਵਜੇ ਅੰਮ੍ਰਿਤਸਰ ਪਹੁੰਚੇਗੀ। ਏਅਰ ਇੰਡੀਆ ਇਸ ਰੂਟ ‘ਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ। ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ ‘ਤੇ 28 ਅਕਤੂਬਰ ਤੱਕ ਲਈ ਉਪਲੱਬਧ ਕਰਵਾਈ ਗਈ ਹੈ।