July 7, 2024 6:23 am
ਯੂਕਰੇਨ

ਯੂਕਰੇਨ ‘ਚੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਏਅਰ ਇੰਡੀਆ ਦਾ ਜਹਾਜ਼ ਰਵਾਨਾ

ਚੰਡੀਗੜ੍ਹ 22 ਫਰਵਰੀ 2022: ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਲਗਾਤਾਰ ਵੱਧ ਰਿਹਾ ਹੈ |ਜਿਸਦੇ ਨਾਲ ਹੀ ਭਾਰਤ ਸਰਕਾਰ ਦੀ ਚਿੰਤਾ ਵਧ ਗਈ ਹੈ | ਇਸਦੇ ਚੱਲਦੇ ਭਾਰਤ ਨੇ ਯੂਕਰੇਨ ‘ਤੇ ਹਮਲੇ ਦੇ ਵਧਦੇ ਡਰ ਦੇ ਵਿਚਕਾਰ ਯੂਕਰੇਨ ਅਤੇ ਆਸ-ਪਾਸ ਦੇ ਖੇਤਰਾਂ ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸਦੇ ਚੱਲਦੇ ਏਅਰ ਇੰਡੀਆ ਦਾ ਇੱਕ ਵਿਸ਼ੇਸ਼ ਜਹਾਜ਼ ਅੱਜ ਸਵੇਰੇ ਯੂਕਰੇਨ ਲਈ ਰਵਾਨਾ ਕੀਤਾ ਗਿਆ ਹੈ। ਭਾਰਤ ਨੇ ਇਸ ਵਿਸ਼ੇਸ਼ ਮਿਸ਼ਨ ਲਈ 200 ਤੋਂ ਵੱਧ ਸੀਟਾਂ ਵਾਲੇ ਡ੍ਰੀਮਲਾਈਨਰ ਬੀ-787 ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ ਫਰਵਰੀ ‘ਚ ਭਾਰਤ ਤੋਂ ਦੋ ਹੋਰ ਉਡਾਣਾਂ ਚਲਾਈਆਂ ਜਾਣਗੀਆਂ। ਦੂਜੀ ਫਲਾਈਟ 24 ਫਰਵਰੀ ਅਤੇ ਤੀਜੀ 26 ਫਰਵਰੀ ਨੂੰ ਯੂਕਰੇਨ ਲਈ ਉਡਾਣ ਭਰੇਗੀ।

ਇਸ ਦੌਰਾਨ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੁਮੂਰਤੀ ਨੇ ਕਿਹਾ ਕਿ ਰੂਸੀ ਸੰਘ ਦੇ ਨਾਲ ਯੂਕਰੇਨ ਦੀ ਸਰਹੱਦ ਉੱਤੇ ਵਧਦਾ ਤਣਾਅ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਹ ਘਟਨਾਕ੍ਰਮ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਕਰੇਗਾ। ਉਨ੍ਹਾਂ ਕਿਹਾ ਕਿ 20,000 ਤੋਂ ਵੱਧ ਭਾਰਤੀ ਵਿਦਿਆਰਥੀ ਅਤੇ ਨਾਗਰਿਕ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ‘ਚ ਰਹਿ ਰਹੇ ਹਨ। ਭਾਰਤੀਆਂ ਦੀ ਸੁਰੱਖਿਆ ਸਾਡੀ ਪਹਿਲ ਹੈ। ਉਨ੍ਹਾਂ ਕਿਹਾ ਕਿ ਭਾਰਤ ਦੋਵਾਂ ਪਾਸਿਆਂ ਤੋਂ ਸੰਜਮ ਵਰਤਣ ਅਤੇ ਕੂਟਨੀਤਕ ਯਤਨ ਤੇਜ਼ ਕਰਨ ‘ਤੇ ਜ਼ੋਰ ਦਿੰਦਾ ਹੈ।