ਚੰਡੀਗੜ੍ਹ 08 ਅਕਤੂਬਰ 2022: ਹਵਾਈ ਸੈਨਾ ਦਿਵਸ (Air Force Day) ਮੌਕੇ ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਹਵਾਈ ਸੈਨਾ ਸਬੰਧੀ ਕਈ ਵੱਡੇ ਐਲਾਨ ਕੀਤੇ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਅਤਿ-ਆਧੁਨਿਕ ਹਥਿਆਰਾਂ ਦੇ ਰੱਖ-ਰਖਾਵ ਲਈ ਨਵੀਂ ਸ਼ਾਖਾ ‘ਦਿਸ਼ਾ‘ ਦਾ ਗਠਨ ਕੀਤਾ ਜਾਵੇਗਾ । ਇਸ ਦੇ ਬਣਨ ਨਾਲ 3400 ਕਰੋੜ ਰੁਪਏ ਦੀ ਬਚਤ ਹੋਵੇਗੀ।
ਏਅਰ ਚੀਫ਼ ਚੌਧਰੀ ਨੇ ਐਲਾਨ ਕੀਤਾ ਕਿ ਨਵੀਂ ‘ਵੈਪਨ ਸਿਸਟਮ ਬ੍ਰਾਂਚ’ ਸਾਡੇ ਕੋਲ ਮੌਜੂਦ ਸਾਰੇ ਨਵੀਨਤਮ ਹਥਿਆਰ ਪ੍ਰਣਾਲੀਆਂ ਦੀ ਸਾਂਭ-ਸੰਭਾਲ ਕਰੇਗੀ। ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਹਰ ਸਾਲ ਵੱਡੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਏਕੀਕਰਨ, ਜੰਗੀ ਸਮਰੱਥਾ ਦੀ ਸਾਂਝੀ ਵਰਤੋਂ ਦੀ ਲੋੜ ਹੈ। ਤਿੰਨਾਂ ਸੇਵਾਵਾਂ ਦੇ ਏਕੀਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਰਵਾਇਤੀ ਹਥਿਆਰਾਂ ਨੂੰ ਆਧੁਨਿਕ, ਆਸਾਨੀ ਨਾਲ ਵਰਤਣ ਵਾਲੀ ਅਤੇ ਤੇਜ਼ ਰਫ਼ਤਾਰ ਤਕਨੀਕ ਨਾਲ ਬਦਲਣ ਦੀ ਲੋੜ ਹੈ, ਕਿਉਂਕਿ ਪਿਛਲੇ ਸਾਲਾਂ ਦੌਰਾਨ ਯੁੱਧ ਦੇ ਢੰਗ ਬਦਲ ਗਏ ਹਨ।
ਏਅਰ ਚੀਫ ਮਾਰਸ਼ਲ ਚੌਧਰੀ ਨੇ ਦੱਸਿਆ ਕਿ ਦਸੰਬਰ ਵਿੱਚ 3000 ‘ਅਗਨੀਵੀਰ ਵਾਯੂ’ ਦੀ ਭਰਤੀ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਸ਼ੁਰੂਆਤੀ ਸਿਖਲਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੀ ਗਿਣਤੀ ਅਗਲੇ ਸਾਲਾਂ ਵਿੱਚ ਵਧੇਗੀ। ਅਗਲੇ ਸਾਲ ਤੋਂ ਅਸੀਂ ਮਹਿਲਾ ਅਗਨੀਵੀਰਾਂ ਦੀ ਭਰਤੀ ਕਰਨ ਦੀ ਵੀ ਯੋਜਨਾ ਬਣਾ ਰਹੇ ਹਾਂ।