ਚੰਡੀਗੜ੍ਹ 07 ਅਕਤੂਬਰ 2022: ਭ੍ਰਿਸ਼ਟਾਚਾਰ ਅਤੇ ਫਿਰੌਤੀ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਏਆਈਜੀ ਅਤੇ ਵਿਜੀਲੈਂਸ ਬਿਊਰੋ ਦੇ ਸਾਬਕਾ ਅਧਿਕਾਰੀ ਅਸ਼ੀਸ਼ ਕਪੂਰ (Ashish Kapoor) ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਉਨ੍ਹਾਂ ਦੇ ਦੋ ਸਾਥੀਆਂ ਡੀਐਸਪੀ ਇੰਟੈਲੀਜੈਂਸ ਪਵਨ ਕੁਮਾਰ ਅਤੇ ਏਐਸਆਈ ਹਰਜਿੰਦਰ ਸਿੰਘ ਨੂੰ ਵੀ ਵਿਜੀਲੈਂਸ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਸਾਲ 2019 ‘ਚ ਮੋਹਾਲੀ ‘ਚ ਪੰਜਾਬ ਵਿਜੀਲੈਂਸ ਬਿਊਰੋ ਦੇ ਏਆਈਜੀ ਅਸ਼ੀਸ਼ ਕਪੂਰ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਸੈੱਲ ਨੇ ਦਰਜ ਕੀਤਾ ਹੈ। ਕਪੂਰ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਲਗਾਈਆਂ ਗਈਆਂ ਹਨ। ਉਨ੍ਹਾਂ ‘ਤੇ ਜ਼ਬਰ ਜਨਾਹ ਅਤੇ ਔਰਤ ਨੂੰ ਧਮਕੀਆਂ ਦੇਣ ਅਤੇ 1 ਕਰੋੜ ਰੁਪਏ ਦੀ ਰਿਸ਼ਵਤ ਲੈਣ ਵਰਗੇ ਗੰਭੀਰ ਦੋਸ਼ ਲੱਗੇ ਸਨ।