ਚੰਡੀਗੜ੍ਹ 18 ਫਰਵਰੀ 2022: ਗੁਜਰਾਤ ਦੇ ਅਹਿਮਦਾਬਾਦ ‘ਚ 2008 ਦੇ ਬੰਬ ਧਮਾਕਿਆਂ ‘ਚ 56 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਲੋਕ ਜ਼ਖਮੀ ਹੋ ਗਏ ਸਨ।ਅਹਿਮਦਾਬਾਦ ‘ਚ 2008 ‘ਚ ਹੋਏ ਇਨ੍ਹਾਂ ਲੜੀਵਾਰ ਬੰਬ ਧਮਾਕਿਆਂ ਦੇ 38 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। 11 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਇਸ ਮਾਮਲੇ ‘ਚ ਬੀਤੇ ਮੰਗਲਵਾਰ ਨੂੰ ਸੁਣਵਾਈ ਪੂਰੀ ਕਰ ਲਈ ਸੀ ਅਤੇ 49 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।
28 ਮੁਲਜ਼ਮਾਂ ਨੂੰ ਬਰੀ ਕੀਤਾ ਸੀ |
ਅਦਾਲਤ ਨੇ ਇਸ ਮਾਮਲੇ ‘ਚ 49 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਅਤੇ 28 ਹੋਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਸੀ। 13 ਸਾਲ ਤੋਂ ਜ਼ਿਆਦਾ ਪੁਰਾਣੇ ਇਸ ਮਾਮਲੇ ‘ਚ ਅਦਾਲਤ ਨੇ ਪਿਛਲੇ ਸਾਲ ਸਤੰਬਰ ‘ਚ ਸੁਣਵਾਈ ਪੂਰੀ ਕੀਤੀ ਸੀ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਨੇ 2002 ‘ਚ ਗੁਜਰਾਤ ਦੰਗਿਆਂ ਦਾ ਬਦਲਾ ਲੈਣ ਲਈ ਇਹ ਹਮਲੇ ਕੀਤੇ ਸਨ, ਜਿਸ ‘ਚ ਘੱਟ ਗਿਣਤੀ ਭਾਈਚਾਰੇ ਦੇ ਕਈ ਮੈਂਬਰ ਮਾਰੇ ਗਏ ਸਨ।
ਲੜੀਵਾਰ ਬੰਬ ਧਮਾਕਿਆਂ ਨਾਲ ਹਿੱਲ ਗਿਆ ਸੀ ਅਹਿਮਦਾਬਾਦ
26 ਜੁਲਾਈ 2008 ਨੂੰ ਅਹਿਮਦਾਬਾਦ ਨੂੰ 70 ਮਿੰਟਾਂ ‘ਚ 21 ਬੰਬ ਧਮਾਕਿਆਂ ਨਾਲ ਹਿਲਾ ਕੇ ਰੱਖ ਦਿੱਤਾ ਗਿਆ ਸੀ। ਇਨ੍ਹਾਂ ਹਮਲਿਆਂ ‘ਚ 56 ਲੋਕ ਮਾਰੇ ਗਏ ਸਨ ਅਤੇ 200 ਤੋਂ ਵੱਧ ਜ਼ਖ਼ਮੀ ਹੋਏ ਸਨ। ਪੁਲਸ ਨੇ ਦਾਅਵਾ ਕੀਤਾ ਸੀ ਕਿ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ ਨਾਲ ਜੁੜੇ ਲੋਕਾਂ ਨੇ 2002 ਦੇ ਗੁਜਰਾਤ ਦੰਗਿਆਂ (ਗੋਧਰਾ ਕਤਲੇਆਮ) ਦਾ ਬਦਲਾ ਲੈਣ ਲਈ ਇਹ ਹਮਲੇ ਕੀਤੇ ਸਨ, ਜਿਸ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਕਈ ਲੋਕ ਮਾਰੇ ਗਏ ਸਨ।
78 ਦੋਸ਼ੀਆਂ ‘ਤੇ ਸੁਣਵਾਈ ਸ਼ੁਰੂ ਹੋਈ ਸੀ
ਅਹਿਮਦਾਬਾਦ ‘ਚ ਲੜੀਵਾਰ ਧਮਾਕਿਆਂ ਤੋਂ ਕੁਝ ਦਿਨ ਬਾਅਦ ਪੁਲਸ ਨੇ ਸੂਰਤ ਦੇ ਵੱਖ-ਵੱਖ ਇਲਾਕਿਆਂ ‘ਚੋਂ ਕਈ ਬੰਬ ਬਰਾਮਦ ਕੀਤੇ ਸਨ। ਇਸ ਤੋਂ ਬਾਅਦ ਅਹਿਮਦਾਬਾਦ ‘ਚ 20 ਅਤੇ ਸੂਰਤ ‘ਚ 15 ਐਫਆਈਆਰ ਦਰਜ ਕੀਤੀਆਂ ਗਈਆਂ ਸੀ । ਅਦਾਲਤ ਨੇ ਸਾਰੀਆਂ 35 ਐਫਆਈਆਰਾਂ ਨੂੰ ਇਕੱਠਾ ਕਰਨ ਤੋਂ ਬਾਅਦ ਦਸੰਬਰ 2009 ‘ਚ 78 ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਸ਼ੁਰੂ ਹੋਇਆ ਸੀ। ਮੁਲਜ਼ਮਾਂ ‘ਚੋਂ ਇੱਕ ਬਾਅਦ ‘ਚ ਸਰਕਾਰੀ ਗਵਾਹ ਬਣ ਗਿਆ ਸੀ । ਬਾਅਦ ‘ਚ ਇਸ ਮਾਮਲੇ ‘ਚ ਚਾਰ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ, ਪਰ ਉਨ੍ਹਾਂ ਦੀ ਸੁਣਵਾਈ ਅਜੇ ਸ਼ੁਰੂ ਹੋਣੀ ਹੈ। ਕੇਸ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਨੇ 1100 ਗਵਾਹਾਂ ਤੋਂ ਪੁੱਛਗਿੱਛ ਕੀਤੀ।