ਚੰਡੀਗੜ੍ਹ 31 ਅਕਤੂਬਰ 2022: ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.), ਪੰਜਾਬ ਦੀ 16 ਮੈਂਬਰੀ ਟੀਮ ਨੂੰ ਸਾਲ 2022 ਲਈ “ਕੇਂਦਰੀ ਗ੍ਰਹਿ ਮੰਤਰੀ ਸਪੈਸ਼ਲ ਆਪ੍ਰੇਸ਼ਨ ਮੈਡਲ” ਨਾਲ ਸਨਮਾਨਿਤ ਕੀਤਾ ਗਿਆ ਹੈ।
ਪੁਰਸਕਾਰ ਜੇਤੂਆਂ ਵਿੱਚ ਏ.ਜੀ.ਟੀ.ਐਫ. ਦੇ ਮੁਖੀ ਏ.ਡੀ.ਜੀ.ਪੀ. ਪ੍ਰਮੋਦ ਬਾਨ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ, ਏ.ਆਈ.ਜੀ. ਗੁਰਮੀਤ ਸਿੰਘ ਚੌਹਾਨ, ਏ.ਆਈ.ਜੀ. ਸੰਦੀਪ ਗੋਇਲ, ਡੀ.ਐਸ.ਪੀ. ਬਿਕਰਮਜੀਤ ਸਿੰਘ ਬਰਾੜ, ਐਸ.ਆਈ. ਸੁਖਪ੍ਰੀਤ ਸਿੰਘ, ਐਸ.ਆਈ. ਸੁਮਿਤ ਗੋਇਲ, ਐਸ.ਆਈ. ਨਿਤਿਨ ਕੁਮਾਰ, ਐਸ.ਆਈ. ਸ਼ਗਨਜੀਤ ਸਿੰਘ, ਐਸ.ਆਈ. ਕੁਲਵਿੰਦਰ ਸਿੰਘ, ਐਸ.ਓ. ਰਾਹੁਲ ਕੁਮਾਰ ਚੇਚੀ, ਐਸ.ਆਈ. ਮੋਨਿੰਦਰ ਸਿੰਘ, ਐਸ.ਆਈ. ਰਾਹੁਲ ਸ਼ਰਮਾ, ਐਸ.ਆਈ. ਗੁਰਪ੍ਰੀਤ ਸਿੰਘ, ਐਸ.ਆਈ. ਅਵਤਾਰ ਸਿੰਘ ਅਤੇ ਏ.ਐਸ.ਆਈ ਸੁਖਜਿੰਦਰ ਸਿੰਘ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਖੁਫੀਆ ਸੂਹਾਂ ਦੀ ਵਰਤੋਂ ਕਰਦਿਆਂ ਅਤੇ ਪੰਜਾਬ ਪੁਲਿਸ ਦੀਆਂ ਫੀਲਡ ਯੂਨਿਟਾਂ ਦੇ ਤਾਲਮੇਲ ਨਾਲ ਸੂਬੇ ‘ਚੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਏ.ਡੀ.ਜੀ.ਪੀ. ਪ੍ਰਮੋਦ ਬਾਨ ਦੀ ਅਗਵਾਈ ਹੇਠ ਏ.ਜੀ.ਟੀ.ਐੱਫ. ਦਾ ਗਠਨ ਕੀਤਾ ਗਿਆ ਸੀ ਤਾਂ ਜੋ ਕਾਨੂੰਨ ਤੇ ਵਿਵਸਥਾ ਵਿੱਚ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕੀਤਾ ਜਾ ਸਕੇ।
ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨਿੱਜੀ ਤੌਰ ‘ਤੇ ਏ.ਜੀ.ਟੀ.ਐਫ. ਦੇ ਕੰਮਕਾਜ ਦੀ ਨਿਗਰਾਨੀ ਕਰ ਰਹੇ ਹਨ। ਏ.ਜੀ.ਟੀ.ਐਫ. ਟੀਮ ਨੂੰ ਵਧਾਈ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਨਤਾ ਪੂਰੇ ਪੰਜਾਬ ਪੁਲਿਸ ਬਲ ਦਾ ਹੌਂਸਲਾ ਵਧਾਏਗੀ ਅਤੇ ਉਨ੍ਹਾਂ ਨੂੰ ਹੋਰ ਲਗਨ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰੇਗੀ।
ਏ.ਜੀ.ਟੀ.ਐਫ. ਦੇ ਗਠਨ ਤੋਂ ਬਾਅਦ, ਫੋਰਸ ਨੇ ਕਈ ਦਲੇਰਾਨਾ ਕਾਰਵਾਈਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਗੈਂਗਸਟਰਾਂ ਨੂੰ ਮਾਰ-ਮੁਕਾਇਆ/ਗ੍ਰਿਫਤਾਰ ਕੀਤਾ ਗਿਆ ਜਦੋਂਕਿ ਬਹੁਤ ਸਾਰੇ ਸਮਾਜ ਵਿਰੋਧੀ ਤੱਤ ਮਜ਼ਬੂਰਨ ਸੂਬਾ ਛੱਡ ਗਏ। ਏ.ਜੀ.ਟੀ.ਐਫ ਦੇ ਇਹਨਾਂ ਵਿਸ਼ੇਸ਼ ਆਪ੍ਰੇਸ਼ਨਾਂ ਵਿੱਚ ਦੋ ਖ਼ਤਰਨਾਕ ਗੈਂਗਸਟਰਾਂ ਨੂੰ ਮਾਰ ਮੁਕਾਇਆ ਗਿਆ ਅਤੇ 12 ਗੈਂਗਸਟਰਾਂ ਦੀ ਸਮੇਂ ਸਿਰ ਗ੍ਰਿਫ਼ਤਾਰੀ ਕੀਤੀ ਗਈ।
ਇਸ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ ਵਿੱਚੋਂ 24 ਹਥਿਆਰ, 1.05 ਕਿਲੋਗ੍ਰਾਮ ਹੈਰੋਇਨ ਅਤੇ 79.27 ਲੱਖ ਰੁਪਏ ਦੀ ਡਰੱਗ ਮਨੀ, 11 ਵਾਹਨ ਅਤੇ ਇੱਕ ਪੁਲਿਸ ਵਰਦੀ ਬਰਾਮਦ ਕੀਤੀ ਗਈ ਜਿਸ ਨਾਲ ਸਰਹੱਦ ਪਾਰ ਤੋਂ ਨਸ਼ਿਆਂ/ਹਥਿਆਰਾਂ ਦੀ ਤਸਕਰੀ ਨੂੰ ਸਫਲਤਾਪੂਰਵਕ ਠੱਲ ਪਈ ਅਤੇ ਪੰਜਾਬ ਵਿੱਚ ਸਨਸਨੀਖੇਜ਼ ਜੁਰਮ ਕਰਨ ਦੀਆਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ।