Site icon TheUnmute.com

ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਗ੍ਰਿਫਤਾਰ, 20 ਪਿਸਤੌਲ ਤੇ ਇਨੋਵਾ ਕਾਰ ਬਰਾਮਦ

Punjab Police

ਚੰਡੀਗੜ੍ਹ 03 ਦਸੰਬਰ 2022 : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ (Punjab Police) ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਅੱਜ ਪੁਰਾਣੀ ਅੰਬਾਲਾ ਰੋਡ ਢਕੋਲੀ ਤੋਂ ਲਾਰੈਂਸ ਬਿਸ਼ਨੋਈ ਗੈਂਗ (Lawrence Bishnoi Gang) ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਬੰਟੀ ਵਾਸੀ ਜੈਨ ਚੌਕ, ਤੇਲੀਵਾੜਾ, ਜ਼ਿਲ੍ਹਾ ਭਿਵਾਨੀ (ਹਰਿਆਣਾ) ਵਜੋਂ ਹੋਈ ਹੈ, ਜੋ ਕਿ ਹਥਿਆਰਾਂ ਦਾ ਅੰਤਰਰਾਜੀ ਤਸਕਰ ਹੈ।

ਇਸ ਵੱਡੀ ਸਫਲਤਾ ਬਾਰੇ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਏ.ਜੀ.ਟੀ.ਐਫ. ਨੇ ਜ਼ਿਲ੍ਹਾ ਪੁਲਿਸ ਐਸ.ਏ.ਐਸ.ਨਗਰ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਬੰਟੀ ਨੂੰ 20 ਪਿਸਤੌਲਾਂ, ਜਿਨ੍ਹਾਂ ਵਿੱਚ ਤਿੰਨ .30 ਕੈਲੀਬਰ ਸਮੇਤ 2 ਮੈਗਜ਼ੀਨ, ਦੋ 9 ਐਮ. ਐਮ. ਸਮੇਤ 2 ਮੈਗਜ਼ੀਨ ਅਤੇ 15 ਇੰਡੀਅਨ ਮੇਡ ਪਿਸਤੌਲਾਂ ਸਮੇਤ 40 ਜਿੰਦਾ ਕਾਰਤੂਸ ਅਤੇ 11 ਮੈਗਜ਼ੀਨਾਂ ਦੇ ਨਾਲ ਗਿ੍ਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਇੱਕ ਇਨੋਵਾ ਕਾਰ, ਜਿਸ ਦਾ ਰਜਿਸਟਰੇਸ਼ਨ ਨੰਬਰ ਐਚ.ਆਰ.-38-ਕਿਊ-2297 ਹੈ, ਵੀ ਬਰਾਮਦ ਕੀਤੀ ਹੈ।

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਤੋਂ ਮੁੱਢਲੀ ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਅਤੇ ਉਸ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਬਰਾੜ ਉਰਫ਼ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਤੱਕ ਹਥਿਆਰਾਂ ਦੀ ਖੇਪ ਪਹੁੰਚਾਉਣ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦੀ ਹੋਰ ਅਪਰਾਧਿਕ ਮਾਮਲਿਆਂ ਵਿੱਚ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ। ਇਸੇ ਦੌਰਾਨ, ਪੁਲਿਸ ਨੇ ਥਾਣਾ ਢਕੋਲੀ, ਜ਼ੀਰਕਪੁਰ ਵਿਖੇ ਆਰਮਜ਼ ਐਕਟ ਦੀਆਂ ਧਾਰਾਵਾਂ 25(6) ਅਤੇ 25(7) ਤਹਿਤ ਐਫ.ਆਈ.ਆਰ. ਨੰਬਰ 118 ਮਿਤੀ 02.12.2022 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

Exit mobile version