Site icon TheUnmute.com

AGTF ਤੇ ਮੋਹਾਲੀ ਪੁਲਿਸ ਵੱਲੋਂ ਹਥਿਆਰ ਸਪਲਾਇਰ ਸਣੇ 4 ਜਣੇ ਗ੍ਰਿਫਤਾਰ, ਅਸਲਾ ਬਰਾਮਦ

Mohali Police

ਚੰਡੀਗੜ੍ਹ, 11 ਅਕਤੂਬਰ 2024: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਮੋਹਾਲੀ ਪੁਲਿਸ ਨਾਲ ਸਾਂਝੇ ਆਪਰੇਸ਼ਨ ਤਹਿਤ ਵਿਦੇਸ਼ ਅਧਾਰਤ ਆਪਰੇਟਰਾਂ ਪਵਿੱਤਰ ਯੂਐਸਏ ਅਤੇ ਮਨਜਿੰਦਰ ਫਰਾਂਸ ਦੁਆਰਾ ਸੰਚਾਲਿਤ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ | ਪੁਲਿਸ ਨੇ ਮਾਡਿਊਲ ਦੇ ਮੁੱਖ ਸੰਚਾਲਕ ਨਵਜੋਤ ਸਿੰਘ ਉਰਫ਼ ਜੋਟਾ ਅਤੇ ਰਾਜਸਥਾਨ ਦੇ ਤਿੰਨ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ | ਇਸਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ |

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਤਿੰਨ ਹਥਿਆਰ ਸਪਲਾਇਰਾਂ ਦੀ ਪਛਾਣ ਮੁਹੰਮਦ ਆਸਿਫ, ਭਾਨੂ ਸਿਸੋਦੀਆ ਅਤੇ ਅਨਿਲ ਕੁਮਾਰ ਵਜੋਂ ਹੋਈ ਹੈ। ਇਹ ਸਾਰੇ ਰਾਜਸਥਾਨ ਦੇ ਬਾਲੋਤਰਾ ਜ਼ਿਲ੍ਹੇ ਦੇ ਵਸਨੀਕ ਹਨ | ਪੁਲਿਸ ਮੁਤਾਬਕ ਤਿੰਨ ਅਸਲਾ ਸਪਲਾਇਰਾਂ ਦੇ ਅਪਰਾਧਿਕ ਪਿਛੋਕੜ ਹਨ, ਜਦੋਂ ਕਿ ਮੁਲਜ਼ਮ ਨਵਜੋਤ ਖ਼ਿਲਾਫ਼ ਕਤਲ ਦੀ ਕੋਸ਼ਿਸ਼, ਡਕੈਤੀ, ਸਨੈਚਿੰਗ, ਐਨਡੀਪੀਐਸ ਅਤੇ ਅਸਲਾ ਐਕਟ ਨਾਲ ਸਬੰਧਤ ਕਈਂ ਅਪਰਾਧਾਂ ਦੇ 21 ਕੇਸ ਦਰਜ ਹਨ।
ਇਨ੍ਹਾਂ ਦੇ ਕਬਜ਼ੇ ‘ਚੋਂ ਦੋ ਪਿਸਤੌਲ ਬਰਾਮਦ ਕੀਤੇ ਹਨ, ਜਿਨ੍ਹਾਂ ‘ਚ ਇੱਕ ਅਤਿ-ਆਧੁਨਿਕ ਆਟੋਮੈਟਿਕ .32 ਕੈਲੀਬਰ ਪਿਸਤੌਲ ਅਤੇ 8 ਜਿੰਦਾ ਕਾਰਤੂਸ ਸ਼ਾਮਲ ਹਨ।

ਪੁਲਿਸ (Mohali Police) ਨੇ ਦੱਸਿਆ ਕਿ ਇਹ ਖੇਪ ਮੁਲਜ਼ਮ ਨਵਜੋਤ ਨੂੰ ਪਹੁੰਚਾਈ ਜਾਣੀ ਸੀ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਨਵਜੋਤ ਸਿੰਘ ਜੋਟਾ ਨੂੰ ਉਸ ਦੇ ਵਿਦੇਸ਼ੀ ਹੈਂਡਲਰਾਂ ਨੇ ਇੱਕ ਵਿਰੋਧੀ ਬਦਮਾਸ਼ ਅਤੇ ਇੱਕ ਟਰੈਵਲ ਏਜੰਟ ਨੂੰ ਖਤਮ ਕਰਨ ਦਾ ਕੰਮ ਸੌਂਪਿਆ ਸੀ, ਜੋ ਹਾਲ ਹੀ ‘ਚ ਜ਼ਮਾਨਤ ‘ਤੇ ਰਿਹਾਅ ਹੋਇਆ ਸੀ।

ਪੰਜਾਬ ਡੀਜੀਪੀ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਵਾਈ ਬਾਰੇ ਐਸਏਐਸ ਨਗਰ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸਐਸਪੀ) ਦੀਪਕ ਪਾਰੀਕ ਨੇ ਦੱਸਿਆ ਕਿ ਇੱਕ ਇਨਪੁਟ ਪ੍ਰਾਪਤ ਹੋਇਆ ਸੀ ਕਿ ਰਾਜਸਥਾਨ ਸਥਿਤ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਮੈਂਬਰ ਪੰਜਾਬ ‘ਚ ਆਪਣੇ ਸਾਥੀਆਂ ਨੂੰ ਖੇਪ ਪਹੁੰਚਾਉਣ ਲਈ ਪੰਜਾਬ ‘ਚ ਦਾਖਲ ਹੋ ਰਹੇ ਹਨ।

ਦੀਪਕ ਪਾਰੀਕ ਨੇ ਦੱਸਿਆ ਕਿ ਇਨਪੁਟ ‘ਤੇ ਕਾਰਵਾਈ ਕਰਦਿਆਂ ਪੁਲਿਸ ਦੀਆਂ ਸਾਂਝੀਆਂ ਟੀਮਾਂ ਨੇ ਡੇਰਾਬੱਸੀ-ਮੁਬਾਰਕਪੁਰ ਰੋਡ ‘ਤੇ ਫੋਕਲ ਪੁਆਇੰਟ ਨੇੜੇ ਇੱਕ ਵਿਸ਼ੇਸ਼ ਨਾਕਾ ਲਗਾਇਆ ਅਤੇ ਚਾਰ ਜਣਿਆ ਨੂੰ ਹਥਿਆਰਾਂ ਦੀ ਖੇਪ ਸਮੇਤ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ । ਜਦੋਂਕਿ ਨਵਜੋਤ ਉਰਫ ਜੋਤਾ ਖੇਪ ਲੈਣ ਆਇਆ ਸੀ। ਐਸਐਸਪੀ ਨੇ ਦੱਸਿਆ ਕਿ ਅਗਲੇਰੀ ਜਾਂਚ ਜਾਰੀ ਹੈ |

Exit mobile version