ਫਾਜ਼ਿਲਕਾ 28 ਫਰਵਰੀ 2024: ਬਲਾਕ ਖੇਤੀਬਾੜੀ (Agriculture Department Fazilka) ਅਫਸਰ ਡਾ. ਬਲਦੇਵ ਸਿੰਘ ਦੀ ਰਹਿਨੁਮਾਈ ਹੇਠ ਖੇਤੀਬਾੜੀ ਦਫਤਰ ਬਲਾਕ ਫਾਜ਼ਿਲਕਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਵਿੱਚ ਪਿੰਡ ਅਲਿਆਨਾ ਅਤੇ ਘਟਿਆਂ ਵਾਲਾ ਬੋਦਲਾ ਦੇ ਕਿਸਾਨਾਂ ਨੇ ਭਾਗ ਲਿਆ।
ਇਸ ਮੌਕੇ ਏਡੀਓ ਡਾ. ਰਾਧਾ ਰਾਣੀ ਅਤੇ ਬੀਟੀਐਮ ਡਾ. ਰਾਜਵਿੰਦਰ ਸਿੰਘ ਨੇ ਕਿਸਾਨਾਂ ਨੂੰ ਚੇਪੇ ਅਤੇ ਸੁੰਡੀ ਦੀ ਰੋਕਥਾਮ ਦੇ ਤਰੀਕਿਆਂ ਤੋਂ ਇਲਾਵਾ ਕਣਕ ਉੱਪਰ ਹਲਦੀ ਰੋਗ ਦੇ ਹਮਲੇ ਦੀ ਪਛਾਣ ਅਤੇ ਉਸ ਦੀ ਰੋਕਥਾਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਆਉਣ ਵਾਲੇ ਝੋਨੇ ਦੇ ਸੀਜ਼ਨ ਦਰਮਿਆਨ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਬਾਰੇ ਵੀ ਵਿਸਥਾਰ ਪੂਰਵਕ ਕਿਸਾਨਾਂ ਨੂੰ ਜਾਣੂੰ ਕਰਵਾਇਆ।
ਖੇਤੀ ਮਾਹਰਾਂ ਵੱਲੋਂ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਮਿੱਟੀ ਅਤੇ ਪਾਣੀ ਦੀ ਪਰਖ ਦੇ ਬਹੁਤ ਫਾਇਦੇ ਹਨ। ਉਨ੍ਹਾਂ ਕਿਸਾਨਾਂ ਨੂੰ ਮਿੱਟੀ ਪਾਣੀ ਦੇ ਸੈਂਪਲ ਲੈਣ ਦੇ ਤਰੀਕਿਆਂ ਅਤੇ ਢੰਗਾਂ ਬਾਰੇ ਵਿਸਥਾਰ ਸਹਿਤ ਜਾਣੂੰ ਕਰਵਾਇਆ। ਇਸ ਮੌਕੇ ਪਿੰਡ ਅਲਿਆਣਾ ਦੇ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਕੈਂਪ ਵਿੱਚ ਭਾਗ ਲਿਆ