Site icon TheUnmute.com

ਫੌਜ਼ ਦੀ ਭਰਤੀ ਲਈ ਲਾਗੂ ਕੀਤੀ ‘ਅਗਨੀਪੱਥ’ ਯੋਜਨਾ ਨੂੰ ਦੇਸ਼ ਦੇ ਨੌਜਵਾਨਾਂ ਨਾਲ ਧੋਖ਼ਾ : ਮਲਵਿੰਦਰ ਕੰਗ

ਅਗਨੀਪੱਥ

ਚੰਡੀਗੜ੍ਹ 17 ਜੂਨ 2022: ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਵਿਚਲੀ ਮੋਦੀ ਸਰਕਾਰ ਵੱਲੋਂ ਫੌਜ਼ ਦੀ ਭਰਤੀ ਲਈ ਲਾਗੂ ਕੀਤੀ ‘ਅਗਨੀਪੱਥ’ ਯੋਜਨਾ ਨੂੰ ਦੇਸ਼ ਦੇ ਨੌਜਵਾਨਾਂ ਨਾਲ ਧੋਖ਼ਾ ਕਰਾਰ ਦਿੰਦਿਆਂ ਇਸ ਯੋਜਨਾ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਇੱਕ ਪੱਤਰਕਾਰ ਵਾਰਤਾ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ‘ਅਗਨੀਪੱਥ’ ਯੋਜਨਾ ਰਾਸ਼ਟਰ ਹਿੱਤ ਦੇ ਖ਼ਿਲਾਫ਼ ਹੈ ਅਤੇ ਇਸ ਦੇ ਕਾਰਨ ਪੂਰੇ ਦੇਸ਼ ’ਚ ਹਿੰਸਕ ਅੰਦੋਲਨ ਹੋ ਰਹੇ ਹਨ।

ਜ਼ਿਕਰਯੋਗ ਹੈ ਕਿ ਸੁਰੱਖਿਆ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੈਬਨਿਟ ਕਮੇਟੀ ਅਤੇ ਕੇਂਦਰ ਸਰਕਾਰ ਨੇ ਫੌਜ ’ਚ ਕੁੱਲ ਚਾਰ ਸਾਲਾਂ ਲਈ ਫੌਜੀ ਭਰਤੀ ਕਰਨ ਲਈ ਨਵੀਂ ਸਕੀਮ ‘ਅਗਨੀਪੱਥ’ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਮਲਵਿੰਦਰ ਸਿੰਘ ਕੰਗ ਨੇ ਕੇਂਦਰ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਸੈਨਾ ਦੇ ਅਧਿਕਾਰੀਆਂ ਅਤੇ ਦੇਸ਼ ਵਾਸੀਆਂ ਦੀ ਦੇਸ਼ ਭਗਤੀ ਦੀ ਭਾਵਨਾ ਲਈ ਕੇਂਦਰ ਸਰਕਾਰ ਨੇ ਕੋਈ ਉਚਿੱਤ ਕਦਮ ਨਹੀਂ ਚੁੱਕਿਆ। ਮੋਦੀ ਸਰਕਾਰ ਦੇ ਇਸ ਲਾਪਰਵਾਹੀ ਅਤੇ ਗ਼ੈਰ ਜ਼ਿੰਮੇਵਾਰਨਾ ਰਵਈਏ ਕਾਰਨ ਨੌਜਵਾਨ ਅਗਨੀਪੱਥ ਦਾ ਵਿਰੋਧ ਕਰਨ ਲਈ ਸੜਕਾਂ ’ਤੇ ਉਤਰ ਆਏ ਹਨ।

‘ਆਪ’ ਆਗੂ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਫੌਜ ਵਿੱਚ ਦੋ ਲੱਖ ਤੋਂ ਜ਼ਿਆਦਾ ਆਸਾਮੀਆਂ ਖਾਲ੍ਹੀ ਹਨ ਅਤੇ ਇਨਾਂ ਆਸਾਮੀਆਂ ਲਈ ਤਰੰਤ ਭਰਤੀ ਸ਼ੁਰੂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ’ਚ ਅਜਿਹੀ ਕਿਸੇ ਵੀ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਰੱਖਿਆ ਨਾਲ ਜੁੜੇ ਮਾਮਲੇ ’ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਸ਼ੈਸਨ ਜਾਂ ਸਰਬ ਪਾਰਟੀ ਮੀਟਿੰਗ ਲਾਜ਼ਮੀ ਸੱਦੀ ਜਾਵੇ।

Exit mobile version