July 2, 2024 6:26 pm
ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ

ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫੀ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵਲੋਂ ਸੂਬੇ ਭਰ ‘ਚ ਚੱਕਾ ਜਾਮ

ਚੰਡੀਗੜ੍ਹ 16 ਨਵੰਬਰ 2022: ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਕ ਵੱਲੋ ਸਰਕਾਰ ਦੀ ਵਾਅਦਾ ਖ਼ਿਲਾਫੀ ਅਤੇ ਪੰਜਾਬ ਸਰਕਾਰ ਨਾਲ ਮੀਟਿੰਗਾਂ ਹੋਈਆ ਨੂੰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਨੋਟੀਫਿਕੇਸ਼ਨ ਜਾਰੀ ਨਾਂ ਕਰਨ ਦੇ ਰੋਸ ਵਜੋਂ ਅੱਜ ਕਿਸਾਨਾਂ ਵੱਲੋ ਸੜਕਾਂ ਉੱਪਰ ਉਤਰਿਆ ਗਿਆ।

ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਵੱਲੋ ਸ਼ਹੀਦ ਕਿਸਾਨਾਂ ਦੇ ਪਰਿਵਾਰਿਕ ਮੈਂਬਰਾ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ, ਜੁਮਲਾ ਮਾਲਕਾਨ ਜਮੀਨ ਦੇ ਮਾਲਕ ਕਿਸਾਨਾਂ ਨੂੰ ਉਨ੍ਹਾਂ ਦਾ ਮਾਲਕੀ ਹੱਕ ਦਬਾਉਣ ਲਈ, ਗੁਲਾਬੀ ਸੁੰਡੀ ਨਾਲ ਨੁਕਸਾਨੇ ਨਰਮੇਂ, ਚਾਈਨਾ ਵਾਇਰਸ ਨਾਲ ਨੁਕਸਾਨੇ ਅਤੇ ਬਰਸਾਤ ਨਾਲ ਨੁਕਸਾਨੇ ਝੋਨੇ ਦਾ ਮੁਆਵਜ਼ਾ, ਕਿਸਾਨਾਂ ਉੱਪਰ ਪਰਾਲੀ ਦੇ ਕੀਤੇ ਪਰਚੇ ਤੇ ਫਰਦ ਵਿੱਚ ਰੈਡ ਐਟਰੀਆਂ ਰੱਦ ਕਰਵਾਉਣ,ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਦੋਸ਼ੀ ਵੀ.ਸੀ ਉੱਪਰ ਕਾਰਵਾਈ ਕਰਵਾਉਣ ਲਈ|

ਇਸਦੇ ਨਾਲ ਹੀ 5 ਨਵੰਬਰ ਨੂੰ ਖੰਡ ਮਿੱਲਾ ਚਾਲੂ ਕਰਨ ਦਾ ਵਾਅਦਾ ਕਰਕੇ ਮੁਕਰਨ ਦੇ ਰੋਸ ਅਤੇ ਖੰਡ ਮਿੱਲਾਂ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਨੂੰ ਲੈ ਕੇ,ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਾਇਨਾਤ ਜ਼ਮੀਨਾਂ ਦਾ ਮੁਆਵਜ਼ਾ ਵੰਡਣ ਵਿਚ ਘਪਲੇਬਾਜ਼ੀ ਕਰਨ ਵਾਲੇ ਦੋਸ਼ੀ SDM ਉੱਪਰ ਕਾਰਵਾਈ ਕਰਵਾਉਣ, ਆਦਿ ਮੰਗਾਂ ਨੂੰ ਲੈ ਕੇ ਧਰੇੜੀ ਜੱਟਾਂ ਟੋਲ ਪਲਾਜ਼ਾ ਰਾਜਪੁਰਾ ਪਟਿਆਲਾ ਰੋਡ, ਟਹਿਣਾ ਟੀ ਪੁਆਇੰਟ ਫਰੀਦਕੋਟ, ਭੰਡਾਰੀ ਪੁਲ ਅੰਮ੍ਰਿਤਸਰ ਸਾਹਿਬ,ਤਿੰਨ ਕੋਨੀਆਂ ਪੁਲ ਮਾਨਸਾ,ਮੁਕੇਰੀਆਂ ਅਤੇ ਬੀਬੀਆਂ ਭੈਣਾਂ ਵੱਲੋ ਤਲਵੰਡੀ ਸਾਬੋ ਵਿਖੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਅਤੇ ਸਰਕਾਰ ਦੇ ਕੰਨਾਂ ਤੱਕ ਆਵਾਜ ਪਹੁੰਚਾਉਣ ਲਈ ਮਜਬੂਰੀ ਵੱਸ ਸੜਕਾਂ ਉੱਤੇ ਉਤਰਨਾ ਪਿਆ।

ਕਿਸਾਨ ਆਗੂਆਂ ਨੇ ਕਿਹਾ ਕਿ DC ਦਫਤਰ ਫ਼ਰੀਦਕੋਟ ਪੰਜ ਮਹੀਨੇ ਤੋਂ ਉੱਪਰ, ਮਾਨਸਾ ਡੇਢ ਮਹੀਨੇ ਤੋਂ ਉੱਪਰ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਕਰੀਬ 3 ਮਹੀਨੇ ਤੋਂ ਉੱਪਰ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ 8 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ | ਸ਼ਾਂਤਮਈ ਧਰਨੇ ਚਲਦਿਆਂ ਨੂੰ ਪ੍ਰੰਤੂ ਸਰਕਾਰ ਦੇ ਕੰਨਾਂ ਤੱਕ ਅਵਾਜ ਨਹੀਂ ਪਹੁੰਚੀ ਜਿਸ ਕਾਰਨ ਸੜਕਾਂ ਉੱਪਰ ਆਕੇ ਸੰਘਰਸ਼ ਕਰਨਾ ਉਨ੍ਹਾਂ ਦੀ ਮਜਬੂਰੀ ਬਣ ਗਈ ਹੈ ਅਤੇ ਜੇਕਰ ਸਰਕਾਰ ਕਿਸਾਨਾਂ,ਮਜ਼ਦੂਰਾਂ ਅਤੇ ਪੰਜਾਬ ਵਾਸੀਆਂ ਪ੍ਰਤੀ ਸੁਹਿਰਦ ਹੁੰਦੀ ਅਤੇ ਮੀਟਿੰਗ ਵਿੱਚ ਮੰਨੀਆਂ ਮੰਗਾਂ ਅਤੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਉਪਰੰਤ ਉਸ ਦਾ ਨੋਟੀਫ਼ਿਕੇਸ਼ਨ ਜਾਰੀ ਕਰਦੀ ਤਾਂ ਉਹਨਾਂ ਨੂੰ ਸੜਕਾਂ ਉੱਪਰ ਆਉਣ ਦੀ ਜਰੂਰਤ ਹੀ ਨਹੀ ਪੈਣੀ ਸੀ।

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਵਿਚ ਅੰਤਰ ਦਾ ਅੰਦਾਜ਼ਾ ਪੰਜਾਬ ਵਾਸੀ ਇਸ ਗੱਲ ਤੋ ਹੀ ਲਗਾ ਸਕਦੇ ਹਨ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨਾਲ 2 ਅਗਸਤ ਅਤੇ 6 ਅਕਤੂਬਰ ਨੂੰ ਹੋਈਆਂ ਮੀਟਿੰਗਾਂ ਨੂੰ ਮਹੀਨੇਆ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਹੈ ਪਰ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਦੀਆ ਮੰਨੀਆ ਗਈਆ ਮੰਗਾਂ ਦੇ ਸੰਬੰਧ ਵਿੱਚ ਅੱਜ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀ ਕੀਤਾ ਗਿਆ ਹੈ।

ਫਰੀਦਕੋਟ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਜਗਜੀਤ ਸਿੰਘ ਡੱਲੇਵਾਲ, ਮਾਨਸਾ ਅਤੇ ਤਲਵੰਡੀ ਸਾਬੋ ਕਾਕਾ ਸਿੰਘ ਕੋਟੜਾ, ਧਰੇੜੀ ਜੱਟਾ ਟੋਲ ਪਲਾਜ਼ਾ ਪਟਿਆਲਾ ਵਿਖੇ ਜਸਵੀਰ ਸਿੰਘ ਸਿੱਧੂਪੁਰ ਮਾਨ ਸਿੰਘ ਰਾਜਪੁਰਾ ਮੇਹਰ ਸਿੰਘ ਥੇੜੀ ਅਤੇ ਮੁਕੇਰੀਆਂ ਸੁਖਦੇਵ ਸਿੰਘ ਭੋਜਰਾਜ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਇਨ੍ਹਾਂ ਮੰਗਾਂ ਉਪਰ ਕੋਈ ਸੰਜੀਦਗੀ ਨਹੀ ਵਿਖਾਉਦੀ ਤਾਂ ਇਹ ਮੋਰਚਾ ਅਣਮਿੱਥੇ ਸਮੇਂ ਲਈ ਚੱਲੇਗਾ।