ਚੰਡੀਗੜ੍ਹ 25 ਅਗਸਤ 2022: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਦੀ ਰਿਹਾਇਸ਼ ‘ਤੇ ਸੱਦੀ ਵਿਧਾਇਕਾਂ ਦੀ ਮੀਟਿੰਗ ਸਮਾਪਤ ਹੋ ਗਈ ਹੈ। ਇਸ ਮੀਟਿੰਗ ਤੋਂ ਬਾਅਦ ‘ਆਪ’ ਦੇ ਸਾਰੇ ਵਿਧਾਇਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਮਹਾਤਮਾ ਗਾਂਧੀ ਦੇ ਸਮਾਰਕ ਰਾਜਘਾਟ ਪਹੁੰਚੇ ਹਨ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ |
ਇਸਦੇ ਨਾਲ ਹੀ ਕੇਜਰੀਵਾਲ ਦੀ ਰਿਹਾਇਸ਼ ‘ਤੇ ਚੱਲ ਰਹੀ ਮੀਟਿੰਗ ‘ਚ ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਕਿ ਸੀਬੀਆਈ ਨੂੰ ਸਿਸੋਦੀਆ ਦੀ ਰਿਹਾਇਸ਼ ‘ਤੇ ਕੁਝ ਨਹੀਂ ਮਿਲਿਆ। ਮੀਟਿੰਗ ਵਿੱਚ 54 ਵਿਧਾਇਕ ਮੌਜੂਦ ਰਹੇ । ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫਰੰਸ ‘ਚ ‘ਆਪ’ ਵਿਧਾਇਕ ਸੌਰਭ ਭਾਰਦਵਾਜ ਨੇ ਕਿਹਾ ਕਿ ‘ਆਪ’ ਵਿਧਾਇਕਾਂ ਨੂੰ 20-20 ਕਰੋੜ ਰੁਪਏ ਦਾ ਲਾਲਚ ਦਿੱਤਾ ਗਿਆ ਹੈ।
ਜਿਹੜੇ ਵਿਧਾਇਕ ਵੱਖ-ਵੱਖ ਕਾਰਨਾਂ ਕਰਕੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ, ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਅਤੇ ਸਾਰਿਆਂ ਨੇ ਕਿਹਾ ਕਿ ਉਹ ਆਪਣੇ ਆਖਰੀ ਸਾਹ ਤੱਕ ਅਰਵਿੰਦ ਕੇਜਰੀਵਾਲ ਦੇ ਨਾਲ ਹਨ। ਹੁਣ ਸਾਰੇ ਵਿਧਾਇਕ ਰਾਜਘਾਟ ਪਹੁੰਚੇ ਹਨ ।ਜਿਨ੍ਹਾਂ ‘ਚ ਮਨੀਸ਼ ਸਿਸੋਦੀਆ ਹਿਮਾਚਲ ਪ੍ਰਦੇਸ਼ ‘ਚ ਚੋਣ ਦੌਰੇ ‘ਤੇ ਹਨ ਜਦਕਿ ਰਾਮ ਨਿਵਾਸ ਗੋਇਲ ਅਮਰੀਕਾ ‘ਚ ਹਨ।