Site icon TheUnmute.com

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣੇ ਰਹਿਣ ਦਾ ਨੈਤਿਕ ਹੱਕ ਨਹੀਂ: ਜਥੇਦਾਰ ਵਡਾਲਾ

Sukhbir Singh Badal

ਚੰਡੀਗੜ੍ਹ, 30 ਅਗਸਤ 2024: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਤਖ਼ਤਾਂ ਦੇ ਜਥੇਦਾਰਾਂ ਸਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ |

ਪੰਜ ਸਿੰਘ ਸਾਹਿਬਾਨਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੁਣਾਏ ਫੈਸਲੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਦੇ ਫੈਸਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੰਥ ਦੀ ਕਚਹਿਰੀ ‘ਚ ਦੋਸ਼ੀ ਹੈ।

ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੂੰ ਤਨਖ਼ਾਹੀਆ ਕਰਾਰ ਦਿੱਤਾ ਜਾਂਦਾ ਹੈ, ਪੰਥ ‘ਚ ਉਸ ਦਾ ਸਥਾਨ ਬਹੁਤ ਨੀਵਾਂ ਚਲਾ ਜਾਦਾਂ ਹੈ। ਸੁਖਬੀਰ ਸਿੰਘ ਬਾਦਲ ਦੇ ਫੈਸਲਿਆਂ ਕਾਰਨ ਪੰਥ ਅਤੇ ਕੌਮ ਨੂੰ ਵੱਡੀ ਢਾਹ ਲੱਗੀ ਹੈ ਅਤੇ ਉਸ ਦਾ ਹੀ ਨਤੀਜਾ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਹਾਸ਼ੀਏ ‘ਤੇ ਜਾ ਚੁੱਕਾ ਹੈ।

ਜਥੇਦਾਰ ਵਡਾਲਾ ਨੇ ਕਿਹਾ ਕਿ ਅੱਜ ਦੇ ਫੈਸਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਤੁਰੰਤ ਆਪਣਾ ਅਸਤੀਫ਼ਾ ਦੇ ਕੇ ਨਿਮਾਣੇ ਸਿੱਖ ਹੋਣ ਦਾ ਸਬੂਤ ਪੇਸ਼ ਕਰਨਾ ਚਾਹੀਦਾ ਸੀ, ਪ੍ਰੰਤੂ ਅਫਸੋਸ ਹੈ ਕਿ ਸੁਖਬੀਰ ਸਿੰਘ ਬਾਦਲ ਜਦੋਂ ਅੱਜ ਖਾਲਸਾ ਪੰਥ ਦੀ ਕਚਿਹਰੀ ‘ਚ ਦੋਸ਼ੀ ਹਨ, ਇਸ ਦੇ ਬਾਵਜੂਦ ਉਹ ਅਹੁਦਿਆਂ ਦੀ ਲਾਲਸਾ ਤਿਆਗਣ ਨੂੰ ਤਿਆਰ ਨਹੀਂ ਹਨ |

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਜਿੱਦ ਓਹਨਾ ਦੋਸ਼ਾਂ ਗਲਤੀਆਂ ਗੁਨਾਹਾਂ ਨੂੰ ਹੋਰ ਅੱਗੇ ਵਧਾ ਰਿਹਾ ਹੈ, ਜਿਸ ਕਾਰਨ ਪਹਿਲਾਂ ਹੀ ਬਹੁਤ ਵੱਡਾ ਘਾਣ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ‘ਚ ਅਜਿਹਾ ਬਹੁਤ ਘੱਟ ਵਾਰ ਹੋਇਆ ਕਿ ਕਿਸੇ ਅਕਾਲੀ ਦਲ ਦੇ ਪ੍ਰਧਾਨ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੋਵੇ | ਇਸ ਕਾਰਨ ਸ਼ਾਨਾਂਮੱਤੀ, ਕੁਰਬਾਨੀਆਂ ਅਤੇ ਸੰਘਰਸ਼ ਭਰੇ ਇਤਿਹਾਸ ਦਾ ਗਵਾਹ ਰਹੀ ਖਾਲਸਾ ਪੰਥ ਦੀ ਸਿਰਮੌਰ ਜਮਾਤ ਸ਼੍ਰੋਮਣੀ ਅਕਾਲੀ ਦਲ ਲਈ ਅਤਿ ਦੁਖਦਾਈ ਹੈ।

ਜੱਥੇਦਾਰ ਵਡਾਲਾ ਨੇ ਸੰਤੁਸ਼ਟੀ ਜ਼ਹਿਰ ਕਰਦਿਆਂ ਕਿਹਾ ਕਿ ਓਹਨਾ ਦੀਆਂ ਕੋਸ਼ਿਸ਼ਾਂ ਪੰਥ ਨੂੰ ਨਵੀਂ ਸੇਧ ਦੇਣ ‘ਚ ਕਾਮਯਾਬ ਸਾਬਿਤ ਹੋ ਰਹੀਆਂ ਹਨ। ਜੱਥੇਦਾਰ ਵਡਾਲਾ ਨੇ ਸੁਖਬੀਰ ਸਿੰਘ ਬਾਦਲ ਤੋਂ ਸਵਾਲ ਪੁੱਛਿਆ ਕਿ, ਸੁਖਬੀਰ ਸਿੰਘ ਬਾਦਲ ਦੱਸਣ ਕਿ ਖਾਲਸਾ ਪੰਥ ‘ਚ ਨਿਮਾਣੇ ਸਿੱਖ ਦੀ ਪਰਿਭਾਸ਼ਾ ਦੀ ਓਹ ਕਿਹੜੀ ਪ੍ਰੀਭਾਸ਼ਾ ਨਾਲ ਸਹਿਮਤ ਹਨ, ਜਿਹੜੀ ਓਹਨਾ ਨੇ ਆਪਣੇ ਸਪਸ਼ਟੀਕਰਨ ਵਾਲੇ ਦਿਨ ਵਰਤੀ ਜਾਂ ਬੀਤੇ ਦਿਨ ਸ. ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾਉਂਦਿਆਂ ਓਹਨਾ ਵੱਲੋਂ ਡਾਕਟਰ ਦਲਜੀਤ ਚੀਮਾ ਨੇ ਵਰਤੀ ਕਿ ਸੁਖਬੀਰ ਸਿੰਘ ਬਾਦਲ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣਾ ਚਾਹੁੰਦੇ ਹਨ। ਅੱਜ ਸੁਖਬੀਰ ਸਿੰਘ ਬਾਦਲ ਖਾਲਸਾ ਪੰਥ ਨੂੰ ਦੱਸਣ ਕਿ ਸਪਸ਼ਟੀਕਰਨ ਵੇਲੇ ਓਹ ਕਿਹੜੇ ਨਿਮਾਣੇ ਸਿੱਖ ਸਨ ਅਤੇ ਹੁਣ ਕਿਹੜੇ ਨਿਮਾਣੇ ਸਿੱਖ ਵਜੋਂ ਪੇਸ਼ ਹੋਣਾ ਚਹੁੰਦੇ ਹਨ।

Exit mobile version