ਚੰਡੀਗੜ੍ਹ 29 ਦਸੰਬਰ 2022: ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦੇ ਫਾਈਨਲ ‘ਚ ਭਾਰਤ (India) ਦਾ ਖੇਡਣਾ ਲਗਭਗ ਤੈਅ ਹੈ। ਆਸਟ੍ਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ‘ਚ ਦੱਖਣੀ ਅਫਰੀਕਾ ਦੀ ਟੀਮ ਲਗਾਤਾਰ ਦੂਜੇ ਮੈਚ ‘ਚ ਵੱਡੇ ਫਰਕ ਨਾਲ ਹਾਰ ਗਈ ਹੈ ਅਤੇ ਹੁਣ ਇਸ ਟੀਮ ਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਪਹੁੰਚਣ ਦਾ ਦਾਅਵਾ ਕਮਜ਼ੋਰ ਪੈ ਗਿਆ ਹੈ। ਇਸ ਦੇ ਨਾਲ ਹੀ ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਦਾ ਫਾਈਨਲ ਖੇਡਣਾ ਤੈਅ ਹੋ ਗਿਆ ਹੈ। ਭਾਰਤ ਨੂੰ ਦੱਖਣੀ ਅਫਰੀਕਾ ਦੀ ਹਾਰ ਦਾ ਫਾਇਦਾ ਹੋਇਆ ਹੈ। ਹੁਣ ਟੀਮ ਇੰਡੀਆ ਦੂਜੇ ਸਥਾਨ ‘ਤੇ ਰਹਿ ਕੇ ਲਗਾਤਾਰ ਦੂਜੀ ਵਾਰ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਆਸਾਨੀ ਨਾਲ ਖੇਡ ਸਕਦੀ ਹੈ।
ਪੈਟ ਕਮਿੰਸ ਦੀ ਕਪਤਾਨੀ ਹੇਠ ਆਸਟਰੇਲੀਆ ਨੇ ਟੈਸਟ ਚੌਥੇ ਦਿਨ ਹੀ ਪਾਰੀ ਅਤੇ 182 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ। ਤਜਰਬੇਕਾਰ ਸਪਿੰਨਰ ਨਾਥਨ ਲਿਓਨ (3/58) ਅਤੇ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ (2/49) ਵਿਕਟਾਂ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਇਸ ਜਿੱਤ ਦੇ ਨਾਲ, ਆਸਟਰੇਲੀਆ ਨੇ ਦੱਖਣੀ ਅਫਰੀਕਾ ‘ਤੇ 2-0 ਦੀ ਅਜੇਤੂ ਲੀਡ ਲੈ ਲਈ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਦੇ ਸਿਖਰ ‘ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਇਸ ਮੈਚ ‘ਚ ਆਸਟ੍ਰੇਲੀਆ ਲਈ ਡੇਵਿਡ ਵਾਰਨਰ ਨੇ ਸ਼ਾਨਦਾਰ ਦੋਹਰਾ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਐਲੇਕਸ ਕੈਰੀ ਨੇ ਵੀ ਸੈਂਕੜਾ ਲਗਾਇਆ ਹੈ । ਗ੍ਰੀਨ ਨੇ ਮੈਚ ਵਿੱਚ ਪੰਜ ਵਿਕਟਾਂ ਲਈਆਂ।
ਇਸ ਜਿੱਤ ਨਾਲ ਆਸਟਰੇਲੀਆ ਦੇ 12 ਅੰਕ ਹੋ ਗਏ ਹਨ ਅਤੇ ਹੁਣ ਕੰਗਾਰੂ ਟੀਮ ਦੇ 14 ਮੈਚਾਂ ਵਿੱਚ 132 ਅੰਕ ਹੋ ਗਏ ਹਨ। ਹੁਣ ਇਸ ਟੀਮ ਦੀ ਜੇਤੂ ਪ੍ਰਤੀਸ਼ਤਤਾ 78.57% ਹੈ। ਇਸ ਦਾ ਮਤਲਬ ਹੈ ਕਿ ਆਸਟ੍ਰੇਲੀਆ ਅਗਲੇ ਸਾਲ ਓਵਲ ‘ਚ ਆਪਣੀ ਪਹਿਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਖੇਡਣ ਲਈ ਤਿਆਰ ਹੈ। ਹਾਲਾਂਕਿ ਆਸਟ੍ਰੇਲੀਆ ਨੇ ਅਜੇ ਕੁੱਲ ਪੰਜ ਟੈਸਟ ਮੈਚ ਖੇਡੇ ਹਨ। ਇਨ੍ਹਾਂ ‘ਚੋਂ ਇਕ ਘਰੇਲੂ ਮੈਦਾਨ ‘ਤੇ ਦੱਖਣੀ ਅਫਰੀਕਾ ਖ਼ਿਲਾਫ਼ ਹੈ ਅਤੇ ਚਾਰ ਭਾਰਤ ‘ਚ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਅੰਕ ਸੂਚੀ ਵਿੱਚ ਚੋਟੀ ਦੀਆਂ ਦੋ ਟੀਮਾਂ ਫਾਈਨਲ ਖੇਡਦੀਆਂ ਹਨ। ਫਿਲਹਾਲ ਭਾਰਤ (India) ਦੇ ਆਸਟ੍ਰੇਲੀਆ ਨਾਲ ਫਾਈਨਲ ਖੇਡਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਦੀ ਲਗਾਤਾਰ ਦੂਜੇ ਟੈਸਟ ‘ਚ ਮਿਲੀ ਹਾਰ ਤੋਂ ਬਾਅਦ ਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਕਮਜ਼ੋਰ ਹੋ ਗਈਆਂ ਹਨ। ਹੁਣ ਦੱਖਣੀ ਅਫਰੀਕਾ ਦੀ ਟੀਮ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਪਹੁੰਚ ਗਈ ਹੈ।