Site icon TheUnmute.com

ਪੈਟਰੋਲ ਤੇ ਡੀਜਲ ਦੀਆਂ ਕੀਮਤਾਂ ਤੋਂ ਬਾਅਦ ਹੁਣ ਖਾਦ ਦੀਆਂ ਕੀਮਤਾਂ ’ਚ ਆਇਆ ਉਛਾਲ

ਨਵੀਂ ਦਿੱਲੀ 26 ਮਾਰਚ 2022 : ਰੂਸ ਅਤੇ ਯੂਕ੍ਰੇਨ (Russia and Ukraine) ਦਰਮਿਆਨ ਛਿੜੀ ਜੰਗ ਦਾ ਅਸਰ ਪੂਰੀ ਦੁਨੀਆ ’ਚ ਦੇਖਣ ਨੂੰ ਮਿਲ ਰਿਹਾ ਹੈ। ਕੱਚੇ ਤੇਲ, ਇਲੈਕਟ੍ਰਿਕ ਉਤਪਾਦ ਤੋਂ ਬਾਅਦ ਹੁਣ ਖਾਦਾਂ ਦੀਆਂ ਕੀਮਤਾਂ ’ਚ ਉਛਾਲ ਆਇਆ ਹੈ। ਸਪਲਾਈ ਪ੍ਰਭਾਵਿਤ ਹੋਣ ਕਾਰਨ ਖਾਦਾਂ ਦੀਆਂ ਕੀਮਤਾਂ  ’ਚ ਵਾਧਾ ਹੋ ਰਿਹਾ ਹੈ ਜੋ ਕਿਸਾਨਾਂ ਲਈ ਵੱਡਾ ਝਟਕਾ ਹੈ। ਰੂਸ ਦੁਨੀਆ ਦਾ ਇਕ ਪ੍ਰਮੁੱਖ ਫਰਟੀਲਾਈਜ਼ਰ ਹੈ। ਯੂਕ੍ਰੇਨ ਨਾਲ ਜੰਗ ਕਾਰਨ ਰੂਸ ’ਤੇ ਆਰਥਿਕ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ, ਜਿਸ ਕਾਰਨ ਖਾਦਾਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ।

ਜਾਣਕਾਰ ਦੱਸਦੇ ਹਨ ਕਿ ਰੂਸ ਅਤੇ ਯੂਕ੍ਰੇਨ (Russia and Ukraine) ਦਰਮਿਆਨ ਜੰਗ ਸ਼ੁਰੂ ਹੋਣ ਤੋਂ ਬਾਅਦ ਖਾਦ ਦੀਆਂ ਕੀਮਤਾਂ ’ਚ 10 ਫ਼ੀਸਦੀ ਤੋਂ ਜ਼ਿਆਦਾ ਵਾਧਾ ਹੋ ਚੁੱਕਾ ਹੈ। ਸੂਤਰਾਂ ਮੁਤਾਬਕ ਖਾਦਾਂ ਦੇ ਵੱਡੇ ਸਪਲਾਇਰ ਮਲਿਕ ਨਿਆਂਗ ਦੱਸਦੇ ਹਨ ਕਿ ਪਿਛਲੇ 10 ਸਾਲਾਂ ਦੇ ਕਾਰੋਬਾਰ ਦੌਰਾਨ ਉਨ੍ਹਾਂ ਨੇ ਕਦੀ ਇੰਨਾ ਵੱਡਾ ਸਪਲਾਈ ਸੰਕਟ ਨਹੀਂ ਦੇਖਿਆ। ਉਹ ਦੱਸਦੇ ਹਨ ਕਿ ਜਦੋਂ ਤੋਂ ਰੂਸ ਨੇ ਯੂਕ੍ਰੇਨ ’ਤੇ ਹਮਲਾ ਕੀਤਾ ਹੈ, ਸ਼ਿਪਿੰਗ ਕੰਪਨੀਆਂ ਨੇ ਰੂਸ ਦੇ ਸੇਂਟ ਪੀਟਰਸਬਰਗ ’ਚ ਆਪਣਾ ਮਾਲ ਇਕੱਠਾ ਨਹੀਂ ਕੀਤਾ ਹੈ।

ਇਸ ਤੋਂ ਇਲਾਵਾ ਰੂਸ ਖ਼ਿਲਾਫ਼ ਵਿੱਤੀ ਪਾਬੰਦੀਆਂ ਕਾਰਨ ਰੂਸ ਤੋਂ ਖਾਦ ਬਰਾਮਦ ਤੇਜ਼ੀ ਨਾਲ ਡਿਗ ਗਈ ਹੈ। ਨਿਆਂਗ ਨੇ ਸੇਨੇਗਲ ਅਤੇ ਮੋਰੱਕੋ ਵਰਗੀਆਂ ਹੋਰ ਥਾਵਾਂ ਦੇ ਵਿਕ੍ਰੇਤਾਵਾਂ ਨਾਲ ਸੰਪਰਕ ਕੀਤਾ, ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਾਲ ਦੇ ਅਖ਼ੀਰ ਤੱਕ ਉਨ੍ਹਾਂ ਦੀਆਂ ਆਰਡਰ ਬੁੱਕਸ ਭਰੀਆਂ ਹੋਈਆਂ ਹਨ।

ਪੋਟਾਸ਼ ਦੀ ਦਰਾਮਦ
ਖਾਦ ਦੇ ਉਤਪਾਦਨ ’ਚ ਪੋਟਾਸ਼ ਦੀ ਇਕ ਵੱਡੀ ਭੂਮਿਕਾ ਹੁੰਦੀ ਹੈ। ਭਾਰਤ ਵੱਡੀ ਮਾਤਰਾ ’ਚ ਪੋਟਾਸ਼ ਦੀ ਦਰਾਮਦ ਕਰਦਾ ਹੈ। ਰੂਸ, ਯੂਕ੍ਰੇਨ ਅਤੇ ਬੇਲਾਰੂਸ ਪੋਟਾਸ਼ ਦੇ ਸਭ ਤੋਂ ਵੱਡੇ ਬਰਾਮਦਕਾਰ ਹਨ। ਜੰਗ ਕਾਰਨ ਇਨ੍ਹਾਂ ਦੇਸ਼ਾਂ ਤੋਂ ਪੋਟਾਸ਼ ਦੀ ਸਪਲਾਈ ਠੱਪ ਪਈ ਹੈ। ਭਾਰਤ ਆਪਣੀ ਕੁੱਲ ਖਾਦ ਦਰਾਮਦ ਦਾ 10-12 ਫ਼ੀਸਦੀ ਹਿੱਸਾ ਰੂਸ, ਯੂਕ੍ਰੇਨ ਅਤੇ ਬੇਲਾਰੂਸ ਤੋਂ ਮੰਗਵਾਉਂਦਾ ਹੈ। ਜਾਣਕਾਰ ਦੱਸਦੇ ਹਨ ਕਿ ਚਾਲੂ ਵਿੱਤੀ ਸਾਲ ’ਚ ਪੋਟਾਸ਼ ਦੀ ਦਰਾਮਦ ਕਰੀਬ 280 ਡਾਲਰ ਪ੍ਰਤੀ ਮੀਟ੍ਰਿਕ ਟਨ ਦੇ ਰੇਟ ’ਤੇ ਕੀਤੀ ਜਾ ਰਹੀ ਹੈ ਪਰ ਹੁਣ ਇਹ ਭਾਅ ਕਾਫ਼ੀ ਵਧ ਗਿਆ ਹੈ, ਜਿਸ ਦਾ ਸਿੱਧਾ ਅਸਰ ਕਿਸਾਨਾਂ ’ਤੇ ਪਵੇਗਾ।

Exit mobile version