Morocco

ਸੈਮੀਫਾਈਨਲ ‘ਚ ਹਾਰਨ ਤੋਂ ਬਾਅਦ ਮੋਰੱਕੋ ਦੇ ਪ੍ਰਸ਼ੰਸਕ ਭੜਕੇ, ਬੈਲਜੀਅਮ-ਫਰਾਂਸ ‘ਚ ਕਈ ਥਾਵਾਂ ‘ਤੇ ਹਿੰਸਾ

ਚੰਡੀਗੜ੍ਹ 15 ਦਸੰਬਰ 2022: ਫੀਫਾ ਵਿਸ਼ਵ ਕੱਪ 2022 ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਮੋਰੱਕੋ (Morocco) ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਲੜੀਵਾਰ ਉਲਟਫੇਰ ਕਰਕੇ ਸਭ ਨੂੰ ਹੈਰਾਨ ਕਰਨ ਵਾਲਾ ਮੋਰੱਕੋ ਅਚਾਨਕ ਖ਼ਿਤਾਬ ਜਿੱਤਣ ਦਾ ਦਾਅਵੇਦਾਰ ਬਣ ਗਿਆ ਪਰ ਫਰਾਂਸ ਨੇ 2-0 ਨਾਲ ਜਿੱਤ ਦਰਜ ਕਰਕੇ ਮੋਰੱਕੋ ਦਾ ਸੁਪਨਾ ਤੋੜ ਦਿੱਤਾ। ਮੋਰੱਕੋ ਦੇ ਪ੍ਰਸ਼ੰਸਕ ਟੀਮ ਦੀ ਪਹਿਲੀ ਹਾਰ ਨੂੰ ਹਜ਼ਮ ਨਹੀਂ ਕਰ ਸਕੇ। ਜਿਸਦੇ ਚੱਲਦੇ ਫਰਾਂਸ ਦੀ ਰਾਜਧਾਨੀ ਪੈਰਿਸ ਅਤੇ ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਵਿੱਚ ਮੋਰੱਕੋ ਦੇ ਪ੍ਰਸ਼ੰਸਕਾਂ ਨੇ ਜੰਮ ਕੇ ਹੰਗਾਮਾ ਕੀਤਾ। ਬਰੱਸਲਜ਼ ਵਿੱਚ ਮੋਰੱਕੋ ਦੇ ਪ੍ਰਸ਼ੰਸਕਾਂ ਦੀ ਪੁਲਿਸ ਨਾਲ ਝੜਪ ਵੀ ਹੋ ਗਈ |

ਪ੍ਰਾਪਤ ਜਾਣਕਾਰੀ ਮੁਤਾਬਕ ਲਗਭਗ 100 ਮੋਰੱਕੋ ਦੇ ਪ੍ਰਸ਼ੰਸਕਾਂ ਨੇ ਬ੍ਰਸੇਲਜ਼ ਸਾਊਥ ਸਟੇਸ਼ਨ ਨੇੜੇ ਪੁਲਿਸ ‘ਤੇ ਪਟਾਕੇ ਅਤੇ ਹੋਰ ਚੀਜ਼ਾਂ ਸੁੱਟੀਆਂ ਅਤੇ ਕੂੜੇ ਦੇ ਥੈਲਿਆਂ ਅਤੇ ਗੱਤੇ ਦੇ ਡੱਬਿਆਂ ਨੂੰ ਅੱਗ ਲਾ ਦਿੱਤੀ। ਪੁਲਿਸ ਨੇ ਹਿੰਸਾ ਨੂੰ ਰੋਕਣ ਲਈ ਵਾਟਰ ਕੈਨਨ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਪੁਲਿਸ ਨੇ ਕਈ ਪ੍ਰਸ਼ੰਸਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਹਾਲਾਂਕਿ ਇਨ੍ਹਾਂ ਝੜਪਾਂ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਹੈ। ਫਰਾਂਸ ਦੂਜੀ ਟੀਮ ਹੈ, ਜੋ ਲਗਾਤਾਰ ਦੂਜੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚੀ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ 2002 ਵਿੱਚ ਫਾਈਨਲ ਵਿੱਚ ਪਹੁੰਚੀ ਸੀ ਅਤੇ ਲਗਾਤਾਰ ਦੋ ਵਿਸ਼ਵ ਕੱਪ ਫਾਈਨਲ ਖੇਡਣ ਵਾਲੀ ਪਹਿਲੀ ਟੀਮ ਬਣੀ ਸੀ।

Scroll to Top