Site icon TheUnmute.com

ਲੰਮੀ ਕਾਨੂੰਨੀ ਲੜਾਈ ਮਗਰੋਂ ਪਾਕਿਸਤਾਨ ‘ਚ ਸਿੱਖ ਭਾਈਚਾਰੇ ਨੂੰ ਮਿਲਿਆ ਵੱਖਰੀ ਕੌਮ ਦਾ ਦਰਜਾ

Sikh community

ਚੰਡੀਗ੍ਹੜ 14 ਦਸੰਬਰ 2022: ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਪਾਕਿਸਤਾਨ ਵਿਚ ਰਹਿ ਰਹੇ ਸਿੱਖਾਂ (Sikh community) ਨੂੰ ਵੱਖਰੀ ਪਛਾਣ ਦੇਣ ਦਾ ਫ਼ੈਸਲਾ ਕੀਤਾ ਹੈ | ਇਸਦੇ ਨਾਲ ਹੀ ਪਾਕਿਸਤਾਨ ਵਿੱਚ ਮਰਦਮਸ਼ੁਮਾਰੀ ਵੇਲੇ ਹੁਣ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਤੇ ਭਾਈਚਾਰਾ ਮੰਨਿਆ ਜਾਵੇਗਾ। ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੇ 5 ਸਾਲ ਦੀ ਲੰਮੀ ਕਾਨੂੰਨੀ ਲੜਾਈ ਲੜਨ ਮਗਰੋਂ ਇਹ ਹੱਕ ਪ੍ਰਾਪਤ ਕੀਤਾ ਹੈ |

ਪਾਕਿਸਤਾਨ ਵਿੱਚ ਹੁਣ ਤੱਕ ਸਿੱਖ ਭਾਈਚਾਰੇ (Sikh community) ਦੀ ਗਿਣਤੀ ਹੋਰ ਧਰਮਾਂ ਦੇ ਨਾਂ ਹੇਠ ਇੱਕ ਕਾਲਮ ਵਿੱਚ ਹੁੰਦੀ ਸੀ, ਜਿਸ ਕਾਰਨ ਸਿੱਖ ਭਾਈਚਾਰੇ ਦੀ ਸਹੀ ਗਿਣਤੀ ਬਾਰੇ ਅੰਕੜੇ ਨਹੀਂ ਸਨ। ਇਸੇ ਕਾਰਨ ਮੁੱਢਲੇ ਅਧਿਕਾਰਾਂ, ਸਿਆਸਤ ਵਿਚ ਪ੍ਰਤੀਨਿਧਤਾ ਤੇ ਸਿਵਲ ਸੇਵਾਵਾਂ ਵਿੱਚ ਰਾਖ਼ਵੇਂ ਕੋਟੇ ਲਈ ਅਨੁਮਾਨਿਤ ਅੰਕੜੇ ਹੀ ਵਰਤੇ ਜਾਂਦੇ ਸਨ, ਜਿਸ ਕਾਰਨ ਸਿੱਖਾਂ ਨੂੰ ਪੂਰਾ ਲਾਭ ਨਹੀਂ ਮਿਲਦਾ ਸੀ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਕਿਸਤਾਨ ਅੰਕੜਾ ਬਿਊਰੋ ਵੱਲੋਂ ਮਰਦਮਸ਼ੁਮਾਰੀ ਫਾਰਮ ਵਿੱਚ ਸਿੱਖਾਂ ਦੀ ਗਿਣਤੀ ਵਾਸਤੇ ਸਿੱਖ ਭਾਈਚਾਰੇ ਨੂੰ ਵੱਖਰੇ ਖਾਨੇ ਵਿੱਚ ਦਰਜ ਕੀਤਾ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਰਚ 2017 ਵਿੱਚ ਖੈਬਰ-ਪਖ਼ਤੂਨਵਾ ਸੂਬੇ ਦੇ ਸਿੱਖ ਭਾਈਚਾਰੇ ਦੇ ਬਾਬਾ ਗੁਰਪਾਲ ਸਿੰਘ, ਚਰਨਜੀਤ ਸਿੰਘ, ਹੀਰਾ ਸਿੰਘ ਤੇ ਹੋਰਨਾਂ ਵੱਲੋਂ ਪਿਸ਼ਾਵਰ ਹਾਈਕੋਰਟ ਵਿਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਦੌਰਾਨ ਅਦਾਲਤ ਨੇ ਇਸ ਦਾ ਫੈਸਲਾ ਸਿਕਲ੍ਹ ਭਾਈਚਾਰੇ ਦੇ ਹੱਕ ਵਿੱਚ ਦਿੱਤਾ ਸੀ ਪਰ ਇਹ ਫੈਸਲਾ ਲਾਗੂ ਨਹੀਂ ਕੀਤਾ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਪਾਕਿਸਤਾਨ ਦੀ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ |

 

Exit mobile version