ਚੰਡੀਗੜ੍ਹ 11 ਜਨਵਰੀ, 2023: ਰਾਜਧਾਨੀ ਕਾਬੁਲ (Kabul) ਵਿੱਚ ਬੁੱਧਵਾਰ ਦੁਪਹਿਰ ਨੂੰ ਵਿਦੇਸ਼ ਮੰਤਰਾਲੇ ਦੇ ਸਾਹਮਣੇ ਇੱਕ ਜਬਰਦਸ਼ਤ ਧਮਾਕਾ ਹੋਇਆ ਹੈ । ਸੂਤਰਾਂ ਨੇ ਦੱਸਿਆ ਕਿ ਮੌਕੇ ‘ਤੇ ਐਂਬੂਲੈਂਸ ਰਵਾਨਾ ਕੀਤੀ ਗਈ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟ ‘ਚ ਦਿੱਤੀ ਗਈ ਹੈ। ਇਸ ਧਮਾਕੇ ਵਿੱਚ 20 ਜਣਿਆਂ ਦੀ ਮੌਤ ਦੀ ਖ਼ਬਰ ਹੈ ਅਤੇ ਕਈ ਜਣੇ ਜ਼ਖਮੀ ਹੋਏ ਹਨ | ਰੂਸੀ ਸਮਾਚਾਰ ਏਜੰਸੀ ਸਪੁਟਨਿਕ ਮੁਤਾਬਕ ਵਿਦੇਸ਼ ਮੰਤਰਾਲੇ ਦੇ ਗੇਟ ਦੇ ਬਿਲਕੁਲ ਬਾਹਰ ਧਮਾਕਿਆਂ ਅਤੇ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਇਸ ਮਹੀਨੇ ਦੀ ਸ਼ੁਰੂਆਤ ‘ਚ ਵੀ ਕਾਬੁਲ ਦੇ ਇਕ ਫੌਜੀ ਹਵਾਈ ਅੱਡੇ ‘ਤੇ ਧਮਾਕਾ ਹੋਇਆ ਸੀ।
ਤਾਲਿਬਾਨ ਲੜਾਕਿਆਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਹੈ। ਚਸ਼ਮਦੀਦਾਂ ਨੇ ਕਈ ਐਂਬੂਲੈਂਸਾਂ ਨੂੰ ਘਟਨਾ ਵਾਲੀ ਥਾਂ ਤੋਂ ਜਾਂਦੇ ਦੇਖਿਆ। ਮੰਤਰਾਲੇ ਦੇ ਦਰਵਾਜ਼ੇ ‘ਤੇ ਹੋਏ ਹਮਲੇ ਨੂੰ ਤਾਲਿਬਾਨ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਹਮਲੇ ਪਿੱਛੇ ਅਫਗਾਨਿਸਤਾਨ ‘ਚ ਸਰਗਰਮ ਇਸਲਾਮਿਕ ਸਟੇਟ ਦਾ ਹੱਥ ਹੋ ਸਕਦਾ ਹੈ।