Site icon TheUnmute.com

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ SGPC ਅਹੁਦੇ ਤੋਂ ਦਿੱਤਾ ਅਸਤੀਫਾ

Harjinder Singh Dhami

ਚੰਡੀਗੜ੍ਹ, 17 ਫਰਵਰੀ 2025: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਅੱਜ ਅਚਾਨਕ ਦੁਪਹਿਰ 12 ਵਜੇ ਪ੍ਰੈਸ ਕਾਨਫ਼ਰੰਸ ਸੱਦੀ ਅਤੇ ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ

ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਕਿਹਾ ਕਿ ਜਥੇਦਾਰ ਸਾਹਿਬ ਦੇ ਸਤਿਕਾਰ ਵਜੋਂ ਅਸਤੀਫਾ ਦਿੱਤਾ ਹੈ | ਉਨ੍ਹਾਂ ਕਿਹਾ ਮੈਨੂੰ ਨਿੱਜੀ ਤੌਰ ‘ਤੇ ਜੋ ਮਹਿਸੂਸ ਹੋਇਆ ਉਹ ਫੈਸਲਾ ਲਿਆ ਹੈ | ਉਨ੍ਹਾਂ ਨੇ ਆਪਣੇ ਆਪ ਨੂੰ 7 ਮੈਂਬਰੀ ਕਮੇਟੀ ‘ਚੋਂ ਵੀ ਫਾਰਗ ਕੀਤੇ ਜਾਣ ਦੀ ਬੇਨਤੀ ਕੀਤੀ ਹੈ |

ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ‘ਚ ਪਏ ਪਾੜੇ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਅਸਤੀਫਾ ਦਿੱਤਾ ਹੈ | ਉਨ੍ਹਾਂ ਨੇ ਸਿੱਖਾਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਿੱਖਾਂ ‘ਚ ਆਪਸੀ ਮਤਭੇਦ ਹਨ ਅਤੇ ਇਨ੍ਹਾਂ ਮਤਭੇਦਾਂ ਨੂੰ ਖ਼ਤਮ ਕਰਨਾ ਜਰੂਰੀ ਹੈ |

ਇਸ ਮੌਕੇ ਉਨ੍ਹਾਂ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਪੰਜਾਬੀ ਨੌਜਵਾਨਾਂ ‘ਚ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਭਾਰਤ ਭੇਜਣ ਦਾ ਮੁੱਦਾ ਚੁੱਕਿਆ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਨੌਜਵਾਨ ਨੂੰ ਨੰਗੇ ਸਿਰ ਡਿਪੋਰਟ ਕਰਨ ਦੀ ਨਿਖੇਧੀ ਕੀਤੀ ਹੈ | ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦਸਤਾਰਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ ਕਾਰਵਾਈ ਕੀਤੀ ਜਾਵੇ |

ਦਰਅਸਲ, ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਦੀ ਸਾਂਝੀ ਕੀਤੀ ਪੋਸਟ ਤੋਂ ਬਾਅਦ ਆਇਆ ਹੈ | ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ 10 ਫਰਵਰੀ ਨੂੰ ਹੋਈ ਇਕੱਤਰਤਾ ਤੋਂ ਬਾਅਦ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Giani Harpreet Singh) ਦੇ ਸਬੰਧ ‘ਚ ਬਣਾਈ ਜਾਂਚ ਕਮੇਟੀ ਦੀ ਰਿਪੋਰਟ ਪ੍ਰਵਾਨ ਕਰਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਸਨ |

ਇਸ ਫੈਸਲੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ (Giani Raghbir Singh) ਨੇ ਸ਼ੋਸਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪਿਛਲੇ ਦਿਨਾਂ ਤੋ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਹਨ, ਮੈਂ ਉਨ੍ਹਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਦੇਖ ਰਿਹਾ ਹਾਂ।

ਜਥੇਦਾਰ ਸਾਹਿਬ ਦਾ ਕਹਿਣਾ ਸੀ ਕਿ ਇਨ੍ਹਾਂ ਹਾਲਾਤਾਂ ਤੋਂ ਮੇਰਾ ਮਨ ਬੇਹੱਦ ਦੁਖੀ ਹੋਇਆ ਹੈ। ਜਥੇਦਾਰ ਸਾਹਿਬ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਉਣ ਲਈ ਵਰਤੇ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਕਿਹਾ ਕਿ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫਿਰ ਵੀ ਅਹੁਦੇ ਤੋ ਸੇਵਾਮੁਕਤ ਕਰਨਾ ਬੇਹੱਦ ਮੰਦਭਾਗਾ ਹੈ। ਇਸ ਤਰ੍ਹਾਂ ਜਥੇਦਾਰ ਸਾਹਿਬਾਨ ਨੂੰ ਜਲੀਲ ਕਰਕੇ ਸੇਵਾਮੁਕਤ ਕਰਨਾ ਬੇਹੱਦ ਮੰਦਭਾਗਾ ਵਰਤਾਰਾ ਹੈ।

Read More: Giani Harpreet Singh: ਮੈਂ ਪਹਿਲਾ ਜਥੇਦਾਰ ਨਹੀਂ ਜਿਸ ਨੂੰ ਐਵੇਂ ਕੱਢਿਆ ਜਾ ਰਿਹੈ, ਨਾ ਹੀ ਆਖ਼ਰੀ: ਗਿਆਨੀ ਹਰਪ੍ਰੀਤ ਸਿੰਘ

Exit mobile version