ਚੰਡੀਗੜ੍ਹ, 10 ਅਪ੍ਰੈਲ 2022 : ਬੀਤੇ ਦਿਨੀਂ ਬਹਿਬਲ ਕਲਾਂ ਵਿਖੇ ਸੰਗਤਾਂ ਨੇ ਇਨਸਾਫ਼ ਨਾ ਮਿਲਣ ਨੂੰ ਲੈ ਸੜਕ ਜਾਮ ਕਰਕੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਸੀ, ਜਿਸ ਦੇ ਚਲਦਿਆਂ ਸਾਰਾ ਦਿਨ ਮੁਕੰਮਲ ਜਾਮ ਰਿਹਾ। ਜਿਸ ਤੋਂ ਬਾਅਦ ਦੇਰ ਰਾਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਐਡਵੋਕੇਟ ਜਨਰਲ ਨਾਲ ਕੰਮ ਕਰਦੀ ਵਕੀਲਾਂ ਦੀ ਟੀਮ ਵਕੀਲ ਸੰਤੋਖਇੰਦਰ ਸਿੰਘ ਦੀ ਅਗਵਾਈ ਹੇਠ ਧਰਨਾ ਸਥਾਨ ‘ਤੇ ਭੇਜੀ ਸੀ।
ਇਸ ਟੀਮ ਨੇ ਧਰਨਾਕਾਰੀਆਂ ਨਾਲ ਵਿਸਥਾਰ ਸਹਿਤ ਗੱਲਬਾਤ ਕੀਤੀ ਅਤੇ ਧਰਨਾਕਾਰੀਆਂ ਨੇ ਇਸ ਟੀਮ ਨੂੰ 3 ਦਿਨ ਦਾ ਸਮਾਂ ਦੇ ਕੇ ਸੜਕ ਦਾ ਜਾਮ ਖੋਲ੍ਹ ਦਿੱਤਾ। ਅੱਜ ਐਡਵੋਕੇਟ ਜਨਰਲ ਪੰਜਾਬ ਦਫ਼ਤਰ ਦੀ ਟੀਮ ਬਹਿਬਲ ਕਲਾਂ ਵਿਖੇ ਪੁੱਜ ਚੁੱਕੀ ਹੈ। ਇਸ ਟੀਮ ਨਾਲ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਅਤੇ ਵਿਧਾਨ ਸਭਾ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੀ ਹਾਜ਼ਰ ਹਨ। ਇਹ ਟੀਮ ਬਹਿਬਲ ਕਲਾਂ ਵਿਖੇ ਸਿੱਖ ਸੰਗਤ ਨਾਲ ਬੈਠਕ ਕਰ ਰਹੀ ਹੈ।