ਸੰਗਰੂਰ

ਪ੍ਰਸ਼ਾਸਨ ਸੰਗਰੂਰ ਜ਼ਿਮਨੀ ਚੋਣ ਪਾਰਦਰਸ਼ੀ ਤੇ ਨਿਰਪੱਖ ਕਰਵਾਉਣ ਲਈ ਵਚਨਬੱਧ: ਰਿਟਰਨਿੰਗ ਅਫ਼ਸਰ

ਚੰਡੀਗੜ੍ਹ 13 ਜੂਨ 2022: ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ।

ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਜ਼ਿਮਨੀ ਚੋਣ ਸੰਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਵਾਉਣੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਚੋਣ ਗਤੀਵਿਧੀਆਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੱਲੋਂ ਵੀ ਵੋਟਰਾਂ ਨੂੰ ਕਿਸੇ ਵੀ ਢੰਗ ਨਾਲ ਪ੍ਰਭਾਵਿਤ ਨਾ ਕੀਤਾ ਜਾ ਸਕੇ।

ਜਤਿੰਦਰ ਜੋਰਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਸਰਕਾਰੀ ਇਮਾਰਤਾਂ ਤੋਂ ਸਾਰੇ ਰਾਜਨੀਤਕ ਇਸ਼ਤਿਹਾਰ ਉਤਾਰੇ ਜਾ ਚੁੱਕੇ ਹਨ ਤੇ ਪ੍ਰਾਇਵੇਟ ਇਮਾਰਤਾਂ ‘ਤੇ ਇਸ਼ਤਿਹਾਰ ਲਾਉਣ ਲਈ ਲਿਖਤੀ ਮਨਜ਼ੂਰੀ ਲੈਣੀ ਜ਼ਰੂਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਂਵਾਂ ‘ਤੇ ਪੇਡ ਸਾਇਟਾਂ ‘ਤੇ ਹੀ ਚੋਣ ਪ੍ਰਚਾਰ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ।

ਜੋਰਵਾਲ ਨੇ ਦੱਸਿਆ ਕਿ ਵੱਖ-ਵੱਖ ਗਤੀਵਿਧੀਆਂ ‘ਤੇ ਨਿਗਰਾਨੀ ਰੱਖਣ ਦੇ ਨਾਲ-ਨਾਲ ਮੀਡੀਆ ਸਰਟੀਫਿਕੇਸ਼ਨ ਤੇ ਮੌਨੀਟਰਿੰਗ ਕਮੇਟੀ ਵੱਲੋਂ 24 ਘੰਟੇ ਟੀ.ਵੀ. ਚੈਨਲਾਂ ਤੇ ਅਖ਼ਬਾਰਾਂ ਦੀਆਂ ਖ਼ਬਰਾਂ ਅਤੇ ਇਸ਼ਤਿਹਾਰਾਂ ‘ਤੇ ਵੀ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐਨ.ਬੀ.ਐਸ.ਏ. ਦੀਆਂ ਹਦਾਇਤਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਇੱਕ ਨਿੱਜੀ ਟੀ.ਵੀ. ਚੈਨਲ, ਜ਼ੀ ਪੰਜਾਬ ਹਰਿਆਣਾ ਹਿਮਾਚਲ, ਵਿਰੁੱਧ ਕਾਰਵਾਈ ਲਈ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਪੱਤਰ ਲਿਖਿਆ ਗਿਆ ਹੈ।

ਉਨ੍ਹਾਂ ਮੀਡੀਆ ਅਦਾਰਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਪੂਰੀ ਜ਼ੁੰਮੇਵਾਰੀ ਨਾਲ ਜ਼ਿਮਨੀ ਚੋਣ ਦੀ ਕਵਰੇਜ ਕਰਨ ਤੇ ਪੇਡ ਨਿਊਜ਼ ਜਾਂ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਕਿਸੇ ਵੀ ਗਤੀਵਿਧੀ ਵਿੱਚ ਸ਼ਮੂਲੀਅਤ ਨਾ ਕਰਨ।

Scroll to Top