Site icon TheUnmute.com

ਗੰਨਾ ਕਾਸ਼ਤਕਾਰਾਂ ਨੂੰ ਬਕਾਇਆ ਅਦਾਇਗੀ ਨਾ ਕਰਨ ‘ਤੇ ਪ੍ਰਸ਼ਾਸ਼ਨ ਵਲੋਂ ਫਗਵਾੜਾ ਦੀ ਗੋਲਡਨ ਸੰਧਰ ਸ਼ੂਗਰ ਮਿੱਲ ਕੁਰਕ

Phagwara

ਫਗਵਾੜਾ/ਕਪੂਰਥਲਾ 16 ਸਤੰਬਰ 2022: ਜਿਲ੍ਹਾ ਪ੍ਰਸ਼ਾਸ਼ਨ ਕਪੂਰਥਲਾ ਵਲੋਂ ਮੈਸ ਗੋਲਡਨ ਸੰਧਰ ਸ਼ੂਗਰ ਮਿੱਲ ਫਗਵਾੜਾ (Phagwara) ਵਲੋਂ ਗੰਨਾ ਕਾਸ਼ਤਕਾਰਾਂ ਨੂੰ ਬਕਾਇਆ ਅਦਾਇਗੀ ਕਰਨ ਲਈ ਸਖਤ ਕਦਮ ਚੁੱਕਦਿਆਂ ਗੋਲਡ ਜਿੰਮ ਜੀ.ਟੀ. ਰੋਡ ਨਜਦੀਕ ਬੱਸ ਅੱਡਾ ਫਗਵਾੜਾ ਦੀ ਇਮਾਰਤ, ਉਪਕਰਨਾਂ ਤੇ ਹੋਰ ਭੌਤਿਕ ਵਸਤੂਆਂ ਨੂੰ ਕੁਲੈਕਟਰ ਕਪੂਰਥਲਾ ਦੇ ਹੱਕ ਵਿਚ ਤੁਰੰਤ ਪ੍ਰਭਾਵ ਨਾਲ ਅਟੈਚ ਕਰਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹੋਰ ਸਖ਼ਤੀ ਦਿਖਾਉਂਦੇ ਹੋਏ ਮੈਸਰਜ਼ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਟਿਡ ਫਗਵਾੜਾ ਨੂੰ ਵੀ ਕੁਰਕ ਕਰ ਦਿੱਤਾ ਹੈ।

ਪੰਜਾਬ ਸਰਕਾਰ ਰਾਹੀਂ ਕਲੈਕਟਰ ਕਪੂਰਥਲਾ ਦੇ ਹੱਕ ਵਿੱਚ ਮਿੱਲ ਦੀ ਜ਼ਮੀਨ ਤੋਂ ਇਲਾਵਾ ਸਾਰੇ ਪਲਾਂਟ, ਮਸ਼ੀਨਰੀ, ਬਿਜਲੀ ਉਤਪਾਦਨ ਪਲਾਂਟ, ਢਾਂਚੇ, ਇਮਾਰਤਾਂ, ਵਿਹੜੇ, ਰਿਹਾਇਸ਼ੀ ਖੇਤਰ, ਵਾਹਨ, ਚੱਲ ਅਤੇ ਅਚੱਲ ਜਾਇਦਾਦ ਅਤੇ ਭੌਤਿਕ ਵਸਤੂਆਂ ਨੂੰ ਤੁਰੰਤ ਪ੍ਰਭਾਵ ਨਾਲ ਕੁਰਕ ਕਰ ਦਿੱਤਾ ਗਿਆ ਹੈ। ਕੁਰਕੀ ਮਿੱਲ ਦੀ ਜ਼ਮੀਨ ‘ਤੇ ਲਾਗੂ ਨਹੀਂ ਹੈ।

ਦੱਸਣਯੋਗ ਹੈ ਕਿ ਉਪਰੋਕਤ ਅਟੈਚਮੈਂਟ ਜਿੰਮ ਦੀ ਜ਼ਮੀਨ ’ਤੇ ਲਾਗੂ ਨਹੀਂ ਹੁੰਦੀ ਕਿਉਂਕਿ ਜ਼ਮੀਨ ਦੀ ਮਾਲਕੀ ਮਹਾਰਾਜਾ ਜਗਤਜੀਤ ਕਪੂਰਥਲਾ (ਹੁਣ ਪੰਜਾਬ ਸਰਕਾਰ ) ਦੀ ਹੈ। ਬੀਤੇ ਦਿਨ ਐਸ.ਡੀ. ਐਮ. ਫਗਵਾੜਾ ਵਲੋਂ ਜਾਰੀ ਹੁਕਮਾਂ ਅਨੁਸਾਰ ਡਿਫਾਲਟਰ ਮਿੱਲ ਮਾਲਕਾਂ ਵਲੋਂ ਭੁਗਤਾਨਯੋਗ ਕੁੱਲ ਏਰੀਅਰ ਦੀ ਰਕਮ ਦਾ ਅੰਸ਼ਿਕ ਹਿੱਸਾ ਵਸੂਲਣ ਹਿੱਤ ਇਹ ਫੈਸਲਾ ਲਿਆ ਗਿਆ, ਜਿਸ ਤਹਿਤ  ਅਟੈਚਮੈਂਟ ਦੇ ਸਮੇਂ ਦੌਰਾਨ ਜਿੰਮ ਦੇ ਸੰਚਾਲਕਾਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਸੰਚਾਲਿਤ ਖਾਤੇ ਵਿਚ ਜਿੰਮ ਤੋਂ ਹੋਣ ਵਾਲੀ ਸਾਰੀ ਆਮਦਨ ਜਮ੍ਹਾਂ ਕਰਵਾਉਣ।

ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਅਜਿਹਾ ਨਾ ਕਰਨ ’ਤੇ ਸੰਚਾਲਕਾਂ ਵਿਰੁੱਧ ਸਖਤ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਉਪਰੋਕਤ ਫਰਮ ਦੇ ਬੈਂਕ ਖਾਤਾ ਨੰਬਰ ਸਬੰਧਿਤ ਬੈਕਾਂ ਦੇ ਮੈਨੇਜ਼ਰਾਂ ਨੂੰ ਭੇਜਕੇ ਫਰਮ ਦੇ ਬੈਂਕ ਖਾਤੇ ਸੀਲ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ ਤਾਂ ਜੋ ਕੋਈ ਵੀ ਰਕਮ ਕਢਾਈ ਨਾ ਜਾ ਸਕੇ । ਨਾਲ ਹੀ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਖਾਤਿਆਂ ਵਿਚ ਕਿਸੇ ਰਕਮ ਨੂੰ ਜਮ੍ਹਾਂ ਕਰਨ ਦੀ ਕੋਈ ਮਨਾਹੀ ਨਹੀਂ ਹੈ।

ਦੱਸਣਯੋਗ ਹੈ ਕਿ ਤਹਿਸੀਲਦਾਰ ਫਗਵਾੜਾ (Phagwara) ਵਲੋਂ ਰਿਪੋਰਟ ਕੀਤੀ ਗਈ ਸੀ ਕਿ ਗੋਲਡਨ ਸੰਧਰ ਸ਼ੂਗਰ ਮਿੱਲ ਫਗਵਾੜਾ ਜਿਲ੍ਹਾ ਕਪੂਰਥਲਾ ਵੱਲ ਗੰਨਾ ਕਾਸ਼ਤਕਾਰਾਂ ਦੇ 50 ਕਰੋੜ 33 ਲੱਖ ਰੁਪਏ ਦੀ ਰਿਕਵਰੀ ਬਾਕੀ ਹੈ। ਉਨ੍ਹਾਂ ਵਲੋਂ ਇਹ ਵੀ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਗੋਲਡਨ ਸੰਧਰ ਮਿੱਲ ਮਾਲਕਾਂ ਨੇ ਇਕ ਜਿੰਮ ਜਿਸਦਾ ਨਾਮ ਗੋਲਡ ਜਿੰਮ ਨਜਦੀਕ ਬੱਸ ਸਟੈਂਡ ਫਗਵਾੜਾ ਹੈ, ਤੋਂ ਕਮਾਈ ਕੀਤੀ ਜਾ ਰਹੀ ਹੈ।

ਐਸ ਡੀ ਐਮ ਨੇ ਦੱਸਿਆ ਕਿ ਮਿੱਲ ਮਾਲਕਾਂ ਵਲੋਂ ਗੰਨੇ ਦੀ ਅਦਾਇਗੀ ਕਰਨ ਲਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਮਿੱਲ ਮਾਲਕਾਂ ਦੀਆਂ ਜ਼ਮੀਨਾਂ, ਜਾਇਦਾਦਾਂ  ਪੰਜਾਬ ਸਰਕਾਰ ਰਾਹੀਂ ਕੁਲੈਕਟਰ ਕਪੂਰਥਲਾ ਦੇ ਹੱਕ ਵਿਚ ਅਟੈਚ ਕੀਤੀਆਂ ਜਾਣ, ਜਿਸ ’ਤੇ ਇਹ ਜਿੰਮ ਦੀ ਇਮਾਰਤ , ਉਪਕਰਨਾਂ ਨੂੰ ਅਟੈਚ ਕੀਤਾ ਗਿਆ ਹੈ।

Exit mobile version